ਬਟਲਰ, ਪੈਨਸਿਲਵੇਨੀਆ/ ਮੈਟਰੋ ਐਨਕਾਊਂਟਰ ਨੈਟਵਰਕ
ਅੱਜ ਪੈਨਸਿਲਵੇਨੀਆ ਦੇ ਸ਼ਹਿਰ ਬਟਲਰ ਵਿਚ ਇਕ ਜਨਤਕ ਰੈਲੀ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਨਵੰਬਰ ਵਿਚ ਹੋਣ ਜਾ ਰਹੀਆਂ ਚੋਣਾਂ ਵਿਚ ਰਿਪਬਲਿਕਨ ਉਮੀਦਵਾਰੀ ਦੇ ਦਾਵੇਦਾਰ ਡੋਨਾਲਡ ਟਰੰਪ ਉਪਰ ਇਕ ਸ਼ੂਟਰ ਵਲੋਂ ਕੀਤੀ ਗਈ ਗੋਲੀਬਾਰੀ ਦੌਰਾਨ ਗੋਲੀ ਉਹਨਾਂ ਦੇ ਕੰਨ ਨੂੰ ਚੀਰਦੀ ਹੋਈ ਲੰਘ ਗਈ। ਇਸ ਹਮਲੇ ਉਹ ਜ਼ਖਮੀ ਹੋ ਗਏ ਪਰ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂ ਰਹੀ ਹੈ।
ਰੈਲੀ ਦੌਰਾਨ ਜਦੋ ਟਰੰਪ ਭਾਸ਼ਨ ਕਰ ਰਹੇ ਸਨ ਤਾਂ ਰੈਲੀ ਸਥਲ ਦੇ ਨੇੜੇ ਇਕ ਉਚੀ ਬਿਲਡਿੰਗ ਦੀ ਛੱਤ ਤੋਂ ਸ਼ੂਟਰ ਨੇ ਗੋਲੀ ਚਲਾਈ ਜੋ ਉਹਨਾਂ ਦੇ ਕੰਨ ਨੂੰ ਖੇਹ ਕੇ ਲੰਘ ਗਈ। ਇਸ ਦੌਰਾਨ ਸੁਰੱਖਿਆ ਗਾਰਡਾਂ ਨੇ ਟਰੰਪ ਨੂੰ ਤੁਰੰਤ ਘੇਰ ਲਿਆ ਅਤੇ ਸੁਰੱਖਿਅਤ ਜਗਾ ਲੈ ਗਏ। ਸੁਰੱਖਿਆ ਗਾਰਡਾਂ ਨੇ ਸ਼ੱਕੀ ਸ਼ੂਟਰ ਨੂੰ ਵੀ ਮਾਰ ਦਿੱਤਾ ਜਦੋਂਕਿ ਇਕ ਹੋਰ ਵਿਅਕਤੀ ਦੀ ਮੌਤ ਹੋਈ ਵੀ ਦੱਸੀ ਜਾ ਰਹੀ ਹੈ।
ਹਮਲੇ ਵਿਚ ਜ਼ਖਮੀ ਹੋਣ ਦੇ ਬਾਦਜੂਦ ਟਰੰਪ ਨੇ ਆਪਣੇ ਸੁਰੱਖਿਅਤ ਹੋਣ ਦੀ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਲਿਖਿਆ ਹੈ ਕਿ ਯਕੀਨ ਨਹੀ ਕੀਤਾ ਜਾ ਸਕਦਾ ਕਿ ਸਾਡੇ ਮੁਲਕ ਵਿਚ ਅਜਿਹਾ ਵੀ ਹੋ ਸਕਦਾ ਹੈ। ਉਸ ਕਿਹਾ ਕਿ ਜਦੋਂ ਗੋਲੀ ਕੰਨ ਨੂੰ ਛੂਹ ਕੇ ਲੰਘੀ ਤਾਂ ਮੈਨੂੰ ਤੁਰੰਤ ਪਤਾ ਲੱਗ ਗਿਆ ਕਿ ਕੁਝ ਗਲਤ ਹੋਇਆ ਹੈ ਇਸਸ ਦੌਰਾਨ ਮੈਂ ਇੱਕ ਗੂੰਜਦੀ ਆਵਾਜ਼ ਸੁਣੀ। ਟਰੰਪ ਨੇ ਕਿਹਾ ਕਿ ਉਸ ਦਾ ਸੱਜਾ ਕੰਨ ਵਿੰਨ੍ਹਿਆ ਗਿਆ ਸੀ ਅਤੇ ਉਸ ਨੇ “ਚਮੜੀ ਵਿੱਚੋਂ ਗੋਲੀ ਨਿਕਲਦੀ ਮਹਿਸੂਸ ਕੀਤੀ। ਖੂਨ ਵੀ।ਬਹੁਤ ਵਹਿ ਗਿਆ।
ਖੁਫੀਆ ਅਧਿਕਾਰੀਆਂ ਦੇ ਅਨੁਸਾਰ ਗੋਲੀਬਾਰੀ ਦੌਰਾਨ ਰੈਲੀ ਵਿੱਚ ਸ਼ਾਮਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਜ਼ਖਮੀ ਹੋਏ ਹਨ। ਸੁਰੱਖਿਆ ਦਸਤਿਆਂ ਨੇ ਸ਼ੂਟਰ ਨੂੰ ਮਾਰ ਮੁਕਾਉਣ ਦਾ ਵੀ ਦਾਅਵਾ ਕੀਤਾ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਨੇ “ਰੈਲੀ ਵਾਲੀ ਥਾਂ ਤੋਂ ਬਾਹਰ ਇੱਕ ਉੱਚੀ ਇਮਾਰਤ ਤੋਂ ਸਟੇਜ ਵੱਲ ਕਈ ਗੋਲੀਆਂ ਚਲਾਈਆਂ। ਉਸ ਸਮੇਂ ਟਰੰਪ ਇਮੀਗ੍ਰੇਸ਼ਨ ਮੁੱਦੇ ਬਾਰੇ ਬੋਲ ਰਹੇ ਸਨ ਜਦੋਂ ਉਹਨਾਂ ਨੂੰ ਨਿਸ਼ਾਨਾ ਬਣਾਕੇ ਤਿੰਨ ਗੋਲੀਆਂ ਚਲਾਈਆਂ ਗਈਆਂ। ਘਟਨਾ ਦੇ ਲਗਭਗ 40 ਸਕਿੰਟਾਂ ਬਾਅਦ, ਟਰੰਪ ਨੂੰ ਜ਼ਮੀਨ ਤੋਂ ਉਠਾਉਣ ਅਤੇ ਸਟੇਜ ਤੋਂ ਉਤਾਰਨ ਤੋਂ ਪਹਿਲਾਂ ਸੁਰੱਖਿਆ ਅਧਿਕਾਰੀਆਂ ਨੇ “ਸ਼ੂਟਰਜ਼ ਡਾਊਨ” ਸ਼ਬਦ ਦੁਹਰਾਏ। ਇਸ ਸਮੇਂ ਭਾਵੇਂਕਿ ਟਰੰਪ ਦੇ ਕੰਨ ਚੋ ਖੂਨ ਵਹਿ ਰਿਹਾ ਸੀ ਪਰ ਉਹ ਹੌਂਸਲੇ ਵਿਚ ਸੀ ਤੇ ਉਹ ਫਾਈਟ ਫਾਈਟ ਚੀਖ ਕੇ ਕਹਿ ਰਿਹਾ ਸੀ।