ਕੈਲਗਿਰੀ/ ਵਿਸ਼ੇਸ਼ ਪੱਤਰ ਪ੍ਰੇਰਕ
ਅਲਬਰਟਾ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ 7 ਪੰਜਾਬੀਆਂ ਨੇ ਮੈਦਾਨ ਫਤਿਹ ਕੀਤਾ ਹੈ। 30 ਮਈ ਨੂੰ ਹੋਈਆਂ ਇਨ੍ਹਾਂ ਚੋਣਾਂ ਵਿਚ ਅਲਬਰਟਾ ਸੂਬੇ ਦੇ ਦੋ ਪ੍ਰਮੁੱਖ ਸ਼ਹਿਰਾਂ ਕੈਲਗਰੀ ਅਤੇ ਐਡਮਿੰਟਨ ਵਿਚ ਐਨਡੀਪੀ ਅਤੇ ਯੂਸੀਪੀ ਨੇ ਪੰਜਾਬੀ ਵਸੋਂ ਵਾਲੇ ਚੋਣ ਹਲਕਿਆਂ ਵਿਚ 9-9 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿਚ ਖੜੇ ਕੀਤੇ ਸਨ। ਇਨ੍ਹਾਂ ਵਿੱਚੋਂ ਐਨਡੀਪੀ ਦੇ 5 ਅਤੇ ਯੂਸੀਪੀ ਦੇ 2 ਆਗੂਆਂ ਨੇ ਸਫਲਤਾ ਹਾਸਲ ਕੀਤੀ ਹੈ।
ਜੇਤੂ ਪੰਜਾਬੀ ਉਮੀਦਵਾਰਾਂ ਵਿਚ ਕੈਲਗਰੀ ਫਾਲਕਿਨਰਿਜ ਤੋਂ ਐਨਡੀਪੀ ਦੇ ਪਰਮੀਤ ਸਿੰਘ ਬੋਪਾਰਾਏ, ਕੈਲਗਰੀ ਨਾਰਥ ਈਸਟ ਤੋਂ ਐਨਡੀਪੀ ਦੇ ਗੁਰਿੰਦਰ ਬਰਾੜ, ਕੈਲਗਰੀ ਮੈਕਾਲ ਭੁੱਲਰ ਤੋਂ ਐਨਡੀਪੀ ਦੇ ਇਰਫਾਨ ਸਾਬਿਰ, ਐਡਮਿੰਟਨ ਵਾਈਟਮਡ ਤੋਂ ਐਨਡੀਪੀ ਦੀ ਰਾਖੀ ਪੰਚੋਲੀ, ਐਡਮਿੰਟਨ ਮੀਡੋਜ਼ ਤੋਂ ਐਨਡੀਪੀ ਦੇ ਜਸਵੀਰ ਦਿਓਲ, ਕੈਲਗਰੀ ਨਾਰਥ ਵੈਸਟ ਤੋਂ ਯੂਸੀਪੀ ਦੀ ਰਾਜਨ ਸਾਹਨੀ ਅਤੇ ਕੈਲਗਰੀ ਈਸਟ ਤੋਂ ਯੂਸੀਪੀ ਦੇ ਪੀਟਰ ਸਿੰਘ ਸ਼ਾਮਲ ਹਨ।