*51 ਹਜ਼ਾਰ ਰੁਪਏ, ਦੁਸ਼ਾਲਾ ਤੇ ਸਨਮਾਨ ਚਿੰਨ੍ਹ ਪ੍ਰਦਾਨ ਕੀਤਾ ਗਿਆ
ਜਲੰਧਰ/ ਮੈਟਰੋ ਬਿਊਰੋ
ਕੈਨੇਡਾ ਵਾਸੀ ਪੰਜਾਬੀ ਲੇਖਕ ਭੁਪਿੰਦਰ ਮੱਲੀ ਨੂੰ ਲੋਕ ਮੰਚ ਪੰਜਾਬ ਨੇ ਆਪਣੀ ਆਵਾਜ਼ ਅਵਾਰਡ ਨਾਲ ਸਨਮਾਨਿਆ ਹੈ। ਅੱਜ ਇੱਥੇ ਪੰਜਾਬ ਪ੍ਰੈਸ ਕਲੱਬ ਵਿੱਚ ਹੋਏ ਸਮਾਗਮ ਦੌਰਾਨ ਉਹਨਾਂ ਨੂੰ ਇਨਾਮ ਵਜੋਂ 51 ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਸਹਿਤ ਦੋਸ਼ਾਲਾ ਭੇਂਟ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੱਨੜ,ਮੀਤ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ, ਉਘੇ ਪੱਤਰਕਾਰ ਸਤਨਾਮ ਸਿੰਘ ਮਾਣਕ, ਪੰਜਾਬੀ ਸਾਹਿੱਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ, ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵਲੋਂ ਕੀਤੀ ਗਈ। ਸਮਾਗਮ ਵਿਚ ਉੱਘੇ ਟੀ. ਵੀ. ਨਿਊਜ਼ ਰੀਡਰ ਰਮਨ ਕੁਮਾਰ, ਡਾ. ਕਮਲੇਸ਼ ਸਿੰਘ ਦੁੱਗਲ, ਕੁਲਦੀਪ ਸਿੰਘ ਬੇਦੀ, ਕਾਮਰੇਡ ਗੁਰਮੀਤ ਸਿੰਘ, ਸੀਤਲ ਸਿੰਘ ਸੰਘਾ, ਕੇਸਰ ਪੰਜ ਆਬ ਪ੍ਰਕਾਸ਼ਨ, ਹਰਮੀਤ ਅਟਵਾਲ ,ਮੋਹਣ ਲਾਲ ਫਿਲੋਰੀਆ, ਬਲਵੰਤ ਸਿੰਘ ਰੁਪਾਲ, ਮਲਕੀਤ ਸਿੰਘ ਬਰਾੜ, ਇਕਬਾਲ ਸਿੰਘ, ਸੁਰਿੰਦਰ ਮਖਸੂਸਪੁਰੀ, ਸੁਰਜੀਤ ਸਿੰਘ ਜੰਡਿਆਲਾ, ਸੋਨਾ ਪੁਰੇਵਾਲ ਹਰਮੀਤ ਅਟਵਾਲ ਆਦਿ ਮੌਜੂਦ ਸਨ।
ਸਤਨਾਮ ਸਿੰਘ ਮਾਣਕ ਨੇ ਆਪਣੇ ਸੰਬੋਧਨ ਵਿੱਚ ਮੱਲੀ ਵਲੋਂ ਪੰਜਾਬੀ ਸਾਹਿਤ, ਸੱਭਿਆਚਾਰ, ਅਤੇ ਭਾਸ਼ਾ ਦੀ ਪ੍ਰਫੁੱਲਤਾ ਲਈ ਕੀਤੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਭੁਪਿੰਦਰ ਸਿੰਘ ਮੱਲ੍ਹੀ ਨੇ ਕਿਹਾ ਕਿ ਇਹ ਪੁਰਸਕਾਰ ਮਿਲਣ ਨਾਲ ਉਨ੍ਹਾਂ ਨੂੰ ਬੇਹੱਦ ਉਤਸ਼ਾਹ ਮਿਲਿਆ ਹੈ ਅਤੇ ਉਹ ਹੋਰ ਹਿੰਮਤ ਤੇ ਜੋਸ਼ ਨਾਲ ਪੰਜਾਬੀਅਤ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ‘ਆਪਣੀ ਆਵਾਜ਼’ ਦਾ ਫਰਵਰੀ ਅੰਕ ਵੀ ਲੋਕ ਅਰਪਣ ਕੀਤਾ ਗਿਆ। ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਮੁਫ਼ਤ ਕਿਤਾਬ ਕੇਂਦਰ ਦਾ ਉਦਘਾਟਨ ਪ੍ਰਵਾਸੀ ਲਿਖਾਰੀ ਭੁਪਿੰਦਰ ਸਿੰਘ ਮੱਲ੍ਹੀ ਵਲੋਂ ਰੀਬਨ ਕੱਟ ਕੇ ਕੀਤਾ ਗਿਆ।
ਡਾ. ਲਖਵਿੰਦਰ ਸਿੰਘ ਜੌਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਫ਼ਤ ਕਿਤਾਬ ਕੇਂਦਰ ਖੋਲ੍ਹਣ ਦਾ ਮੁੱਖ ਮੰਤਵ ਨੌਜਵਾਨਾਂ ਵਿਚ ਪੜ੍ਹਨ ਦੀ ਆਦਤ ਪਾਉਣਾ ਤੇ ਆਪਣੇ ਸਭਿਆਚਾਰ, ਸਾਹਿੱਤ ਤੇ ਰਹੁ ਰੀਤੀਆਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਲੋਕ ਮੰਚ ਪੰਜਾਬ ਕਿਤਾਬਾਂ ਖ਼ਰੀਦ ਕੇ ਪਾਠਕਾਂ ਨੂੰ ਮੁਫ਼ਤ ਪ੍ਰਦਾਨ ਕਰੇਗਾ।
ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ, ਪੰਜ ਆਬ ਪ੍ਰਕਾਸ਼ਨ ਤੇ ਪਿੰਗਲਵਾੜਾ ਅੰਮ੍ਰਿਤਸਰ ਵਲੋਂ ਤੇ ਕਈ ਲਿਖਾਰੀਆਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਭਰੋਸਾ ਦਿੱਤਾ ਕਿ ਲੋਕ ਮੰਚ ਪੰਜਾਬ ਦੇ ਸਹਿਯੋਗ ਲਈ ਉਹ ਵੀ ਆਪਣੇ ਪੱਧਰ ‘ਤੇ ਪਾਠਕਾਂ ਲਈ ਕਿਤਾਬਾਂ ਮੁੱਹਈਆਂ ਕਰਨਗੇ। ਡਾ. ਜੌਹਲ ਨੇ ਕਿਹਾ ਇੱਥੋਂ ਕਿਤਾਬਾਂ ਲਿਜਾ ਕੇ ਪੜ੍ਹਨ ਉਪਰੰਤ ਲੋਕ ਉਨ੍ਹਾਂ ਕਿਤਾਬਾਂ ਨੂੰ ਵਾਪਸ ਦੇਣ ਦੀ ਬਜਾਏ ਹੋਰਨਾਂ ਨੂੰ ਪੜ੍ਹਨ ਲਈ ਅੱਗੇ ਤੋਰਦੇ ਰਹਿਣ ਤਾਂ ਜੋ ਲੋਕਾਂ ‘ਚ ਵਿੱਸਰ ਚੁੱਕੀ ਪੜ੍ਹਨ ਦੀ ਆਦਤ ਨੂੰ ਮੁੜ ਸੁਰਜੀਤ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਰਵਾਇਤ ਨੂੰ ਹੌਲੀ ਹੌਲੀ ਜਲੰਧਰ ਦੇ ਹੋਰਨਾਂ ਇਲਾਕਿਆਂ ਤੋਂ ਬਾਅਦ ਸੂਬੇ ਦੇ ਬਾਕੀ ਸ਼ਹਿਰਾਂ ਤੇ ਕਸਬਿਆਂ ‘ਚ ਵੀ ਲਿਜਾਇਆ ਜਾਵੇਗਾ।