*ਪੁਰਸਕਾਰ ਵਿੱਚ ਦਿੱਤੇ ਜਾਣਗੇ ਇੱਕ ਲੱਖ ਰੁਪਏ ,ਦੋਸ਼ਾਲਾ ਅਤੇ ਯਾਦਗਾਰੀ ਚਿੰਨ੍ਹ: ਜੌਹਲ/ਸੁੰਨੜ
ਮੈਟਰੋ ਨਿਊਜ਼ ਸਰਵਿਸ
ਜਲੰਧਰ – 17 ਨਵੰਬਰ/ ਲੋਕ ਮੰਚ ਪੰਜਾਬ ਵੱਲੋਂ ਹਰ ਸਾਲ ਨੰਦ ਲਾਲ ਨੂਰਪੁਰੀ ਪੁਰਸਕਾਰ ਦਿੱਤਾ ਜਾਇਆ ਕਰੇਗਾ, ਤਾਂ ਜੋ ਉਸ ਮਹਾਨ ਗੀਤਕਾਰ ਦੀ ਮਿੱਠੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ। । ਇਹ ਐਲਾਨ ਕਰਦਿਆਂ ਅੱਜ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ ਲਖਵਿੰਦਰ ਸਿੰਘ ਜੌਹਲ ਅਤੇ ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਨੇ ਦੱਸਿਆ ਕਿ ਸਾਲ 2022 ਦਾ ਪੁਰਸਕਾਰ ਉਘੇ ਪੰਜਾਬੀ ਕਵੀ – ਗੀਤਕਾਰ ਗੁਰਭਜਨ ਗਿੱਲ ਨੂੰ ਦਿੱਤਾ ਜਾਵੇਗਾ । ਇਕ ਸਾਂਝੇ ਬਿਆਨ ਵਿੱਚ ਉਹਨਾਂ ਕਿਹਾ ਕਿ ਇਹ ਪੁਰਸਕਾਰ ਇੱਕ ਲੱਖ ਰੁਪਏ ਦਾ ਹੋਇਆ ਕਰੇਗਾ । ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਾਫ ਸੁਥਰੀ ਗੀਤਕਾਰੀ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਹਰ ਸਾਲ ਇਹ ਪੁਰਸਕਾਰ ਮੁੱਖ ਰੂਪ ਵਿੱਚ ਇਕ ਗੀਤਕਾਰ/ਕਵੀ ਨੂੰ ਪ੍ਰਦਾਨ ਕੀਤਾ ਜਾਇਆ ਕਰੇਗਾ। ਸੁਰਿੰਦਰ ਸਿੰਘ ਸੁੱਨੜ ਨੇ ਕਿਹਾ ਕਿ ਨੰਦ ਲਾਲ ਨੂਰਪੁਰੀ ਸਾਡੇ ਮਾਣਯੋਗ ਗੀਤਕਾਰ ਸਨ ਅਤੇ ਉਨ੍ਹਾਂ ਦੀ ਯਾਦ ਨੂੰ ਚੇਤਿਆਂ ਵਿੱਚ ਰੱਖਣਾ ਅਤੇ ਉਨ੍ਹਾਂ ਦੀਆਂ ਲਿਖਤਾਂ ਤੋਂ ਪ੍ਰੇਰਨਾ ਲੈਣਾ ਸਾਡਾ ਫਰਜ਼ ਹੈ। ਡਾ ਜੌਹਲ ਨੇ ਆਖਿਆ ਗੁਰਭਜਨ ਗਿੱਲ ਇਕ ਸਮਰੱਥ ਸ਼ਾਇਰ ਦੇ ਨਾਲ ਨਾਲ ਮੰਨੇ ਹੋਏ ਗੀਤਕਾਰ ਵੀ ਹਨ ਤੇ ਉਨਾਂ ਦੇ ਲਿਖੇ ਗੀਤ ਕਈ ਨਾਮੀਂ ਗਾਇਕਾਂ ਤੇ ਗਾਇਕਾਵਾਂ ਜਿਵੇ ਅਮਰਜੀਤ ਗੁਰਦਾਸਪੁਰੀ, ਹੰਸ ਰਾਜ ਹੰਸ, ਹਰਭਜਨ ਮਾਨ,ਜਸਵੀਰ ਜੱਸੀ ਤੇ ਜਗਮੋਹਨ ਕੌਰ ਨੇ ਵੀ ਰਿਕਾਰਡ ਕਰਵਾਏ। ਪ੍ਰੋ ਗਿੱਲ ਨੂੰ ਮਿਲਣ ਵਾਲੇ ਇਸ ਪੁਰਸਕਾਰ ਦੇ ਐਲਾਨ ਉਤੇ ਸਾਹਿਤ ਜਗਤ ਦੀਆਂ ਉਘੀਆਂ ਹਸਤੀਆਂ ਨੇ ਵਧਾਈਆਂ ਦਿੱਤੀਆਂ ਹਨ।