ਜਲੰਧਰ/ਮੈਟਰੋ ਐਨਕਾਊਂਟਰ ਬਿਉਰੋ
ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੀ ਲਿਖੀ ਚੌਥੀ ਪੁਸਤਕ ‘ਮੇਰਾ ਪਿੰਡ ਮੇਰਾ ਸਿਰਨਾਵਾਂ’ ਦੀ ਘੁੰਡ ਚੁਕਾਈ ਅੱਜ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਦੇ ਪਿੰਗਲੇ ਆਡੀਟੋਰੀਅਮ ਵਿੱਚ ਹੋਈ। ਪੁਸਤਕ ਇਹ ਰਸਮ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ ਤੇ ਮੰਚ ਤੋਂ ਕੀਤੀ।
ਆਮ ਤੌਰ ਆਮ ਲੋਕਾਂ ਨੂੰ ਕਾਨੂੰਨ ਆਦਿ ਦੀ ਜਾਣਕਾਰੀ ਲੋਕਭਾਸ਼ਾ ਰਾਹੀਂ ਦੇ ਕੇ ਜਾਗ੍ਰਿਤ ਕਰਨ ਵਾਲੀਆਂ ਪੁਸਤਕਾਂ ਲਿਖਦੇ ਆਏ ਸ਼ੁਗਲੀ ਦੀ ਇਹ ਪੁਸਤਕ ਕਈ ਪੱਖਾਂ ਤੋਂ ਵਿਰਲੀ ਅਤੇ ਵਿਲੱਖਣ ਕਹੀ ਜਾ ਸਕਦੀ ਹਾਂ। ਜਲੰਧਰ – ਪਠਾਨਕੋਟ ਰੋਡ ਤੇ ਕਿਸ਼ਨਗੜ ਨੇੜਲੇ ਪਿੰਡ ਮੰਡ ਮੌੜ ਦੇ ਵਸਨੀਕ ਗੁਰਮੀਤ ਸ਼ੁਗਲੀ ਦੀ ਇਹ ਪੁਸਤਕ ਪਿੰਡ ਦੀ ਮਿੱਟੀ ਪ੍ਰਤੀ ਲੇਖਕ ਦੇ ਲਗਾਵ, ਮੋਹ ਅਤੇ ਮਾਣ ਨੂੰ ਦਰਸਾਉਂਦੀ ਹੈ।
ਸ਼ੁਗਲੀ ਦੀ ਪੁਸਤਕ ਨਾ ਸਿਰਫ ਪੰਜਾਬ ਦੇ ਪੇਂਡੂ ਵਿਰਸੇ , ਪਿੰਡਾਂ ਦੇ ਵਿਕਾਸ , ਪ੍ਰਵਾਸ ਦੇ ਸਿਖਰਲੇ ਦੌਰ ਵਿੱਚ ਪਹੁੰਚੇ ਪੰਜਾਬ ਦੇ ਬਦਲੇ ਸਰੂਪ ਦੀ ਕਹਾਣੀ ਬਿਆਨ ਕਰਦੀ ਹੈ ਸਗੋਂ ਪਿੰਡ ਦੀ ਨਵੀਂ ਪੀੜੀ ਨੂੰ ਪਿੰਡ ਦੇ ਇਤਿਹਾਸ ਨਾਲ ਜਾਣੂ ਕਰਵਾਉਣ ਵਾਲੀ ਇਤਿਹਾਸ ਦੀ ਪੁਸਤਕ ਦੀ ਸ਼੍ਰੇਣੀ ਵਿੱਚ ਵੀ ਆਪਣੇ ਆਪ ਨੂੰ ਦਰਜ ਕਰਵਾਉਂਦੀ ਹੈ। ਲੇਖਕ ਨੇ ਇਤਿਹਾਸ ਨੂੰ ਛੋਹਿਦਿਆਂ ਨਾ ਸਿਰਫ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਵੱਲ ਧਿਆਨ ਖਿੱਚਦਿਆਂ ਇੱਕ ਨਮੂਨਾ ਮਾਡਲ ਵਜੋਂ ਉਭਾਰਿਆ ਹੈ। ਸਮਾਜਿਕ ਖੇਤਰ ਵਿੱਚ ਸਿੱਖਿਆ ਜਰੀਏ ਮਾਰਕੇ ਮਾਰਣ ਵਾਲੀਆਂ ਪਿੰਡ ਦੀਆਂ ਕੁੜੀਆਂ ਤੇ ਮਾਣ ਕਰਦਿਆਂ ਪੁਸਤਕ ਵਿੱਚ ਉਹਨਾਂ ਦੀਆਂ ਤਸਵੀਰਾਂ ਛਾਪ ਕੇ ਲੇਖਕ ਨੇ ਜਿੱਥੇ ਮੌਜੂਦਾ ਦੌਰ ਵਿੱਚ ਬੇਟੀਆਂ ਦੇ ਜਨਮ ਨੂੰ ਉਤਸ਼ਾਹ ਦੇਣ ਲਈ ਅਪ੍ਰਤੱਖ ਰੂਪ ਵਿੱਚ ਸੁਨੇਹਾ ਦਿੱਤਾ ਹੈ ਉੱਥੇ ਹੀ ਮੰਡ ਮੌੜ ਵਿੱਚ ਖੱਡੀਆਂ ਦੇ ਕੱਮ ਪਿੰਡ ਦੇ ਕਾਮਗਰਾ ਦਾ ਜਿਕਰ ਕਰਦਿਆਂ ਸ਼ੁਗਲੀ ਨੇ ਪੰਜਾਬ ਦੇ ਪਿੰਡਾਂ ਦੇ ਵਰ੍ਹਿਆਂ ਪਹਿਲੇ ਆਤਮ ਨਿਰਭਰ ਹੋਣ ਅਤੇ ਬਾਜ਼ਾਰਵਾਦ ਨੂੰ ਟੱਕਰ ਦੇਣ ਚ ਸਮੱਰਥ ਭਾਰਤ ਦੇ ਗ੍ਰਾਮ ਸਵਰਾਜ ਮਾਡਲ ਦੇ ਪੰਜਾਬ ਵਿੱਚਲੇ ਰੂਪ ਨੂੰ ਉਜਾਗਰ ਕੀਤਾ ਹੈ।
ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਤੇ ਵੀ ਚਿੰਤਨ ਕੀਤਾ।
ਪ੍ਰਧਾਨਗੀ ਮੰਡਲ ਦੇ ਪ੍ਰਧਾਨ ਜਸਪਾਲ ਸਿੰਘ ਰੰਧਾਵਾ, ਸੀਤਲ ਸਿੰਘ, ਮਖ਼ਣ ਮਾਣ, ਡਿਸਟ੍ਰਿਕ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਜੈਨ, ਸਕੱਤਰ ਪ੍ਰਿਤਪਾਲ ਸਿੰਘ, ਸਤਨਾਮ ਚਾਨਾ, ਪ੍ਰਿੰਸੀਪਲ ਜਗਰੂਪ ਆਦਿ ਤੋਂ ਇਲਾਵਾ ਬੁਲਾਰਿਆਂ ਵਿੱਚ ਐਡਵੋਕੇਟ ਨੀਰਜ ਕੌਸ਼ਿਕ , ਐਡਵੋਕੇਟ ਪਰਮਿੰਦਰ ਸਿੰਘ ਵਿੱਗ, ਨਵਾਂ ਜ਼ਮਾਨਾ ਦੇ ਮੈਗਜ਼ੀਨ ਐਡੀਟਰ ਪ੍ਰੋਫੈਸਰ ਅਟਵਾਲ, ਮੈਟਰੋ ਐਨਕਾਊਂਟਰ ਦੇ ਸੰਪਾਦਕ ਰਾਕੇਸ਼ ਸ਼ਾਂਤੀਦੂਤ, ਪ੍ਰੈਸ ਕਲੱਬ ਦੇ ਉਪ ਪ੍ਰਧਾਨ ਮੇਹਰ ਮਲਿਕ ਆਦਿ ਸ਼ਾਮਲ ਸਨ। ਇਸ ਮੌਕੇ ਜਲੰਧਰ ਲਿਟਰੇਰੀ ਫੋਰਮ ਦੀ ਟੀਮ ਪ੍ਰਵੀਨ ਚੋਪੜਾ, ਵਿਨੇ ਮਹਾਜਨ ਅਤੇ ਧਰੁਵ ਮੋਦਗਿਲ ਆਪਣੇ ਪ੍ਰਧਾਨ ਐਡਵੋਕੇਟ ਨਵਜੋਤ ਸਿੰਘ ਦੀ ਅਗਵਾਈ ਵਿੱਚ ਸ਼ਾਮਿਲ ਹੋਏ। ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਰਾਜੇਸ਼ ਬਾਹਗਾ, ਅਜੇ ਯਾਦਵ, ਸਮਾਜ ਸੇਵਕ ਐਸ ਐਮ ਸਿੰਘ ਤੇ ਕਈ ਹੋਰ ਪਤਵੰਤੇ ਸਮਾਗਮ ਦੀ ਸ਼ੋਭਾ ਬਣੇ। ਮੰਚ ਸੰਚਾਲਨ ਨੇ ਕੀਤਾ ਅਤੇ ਗੁਰਮੀਤ ਸਿੰਘ ਸ਼ੁਗਲੀ ਦੇ ਸਪੁੱਤਰ ਐਡਵੋਕੇਟ ਰਾਜਿੰਦਰ ਮੰਡ ਨੇ ਧੰਨਵਾਦ ਅਦਾਇਗੀ ਕੀਤੀ।