*ਵੋਟਾਂ ਮੰਗਣ ਲਈ ਆਉਣ ਵਾਲੇ ਉਮੀਦਵਾਰਾਂ ਨੂੰ ਸਾਫ ਹਵਾ ਤੇ ਪਾਣੀਆਂ ਬਾਰੇ ਸਵਾਲ ਪੁੱਛਣ ਦਾ ਸੱਦਾ
*ਵਾਤਾਵਰਣ ਦੇ ਮੁੱਦੇ ਨੂੰ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਲ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਹੀ ਵੋਟਾਂ ਪਾਉਣ ਦੀ ਕੀਤੀ ਅਪੀਲ
ਜਲੰਧਰ,15 ਅਪ੍ਰੈਲ/ਮੈਟਰੋ ਐਨਕਾਊਂਟਰ ਬਿਊਰੋ
ਸੰਤ ਸਮਾਜ ਨੇ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਅੱਗੇ ਵਾਤਾਵਰਣ ਪੱਖੀ ਲੋਕ ਏਜੰਡਾ ਰੱਖਦਿਆ ਕਿਹਾ ਕਿ ਉਹ ਆਪੋ ਆਪਣੇ ਚੋਣ ਮਨੋਰਥ ਪੱਤਰਾਂ ਵਿੱਚ ਇਸ ਨੂੰ ਸ਼ਾਮਿਲ ਕਰਨ।ਅੱਜ ਇੱਥੇ ਪੰਜਾਬ ਪ੍ਰੈਸ਼ ਕਲੱਬ ਜਲੰਧਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੰਤ ਸਮਾਜ ਨੇ ਪੰਜਾਬ ਦੇ ਵੋੋਟਰਾਂ ਨੂੰ ਇਹ ਅਪੀਲ਼ ਵੀ ਕੀਤੀ ਕਿ ਉਹ ਵੋਟਾਂ ਮੰਗਣ ਲਈ ਆਉਣ ਵਾਲੇ ਉਮੀਦਵਾਰਾਂ ਕੋਲੋ ਸਾਫ ਪਾਣੀ ਤੇ ਸਾਫ ਹਵਾ ਵਰਗੇ ਜੀਵਨ ਨਾਲ ਜੁੜੇ ਮੁੱਦਿਆ ਬਾਰੇ ਜਰੂਰ ਸਵਾਲ ਕਰਨ। ਸੰਤ ਸਮਾਜ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਜਿਹੜੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦਾ ਵਾਅਦਾ ਕਰਨਗੇ।ਸੰਤ ਸਮਾਜ ਦੀ ਅਗਵਾਈ ਕਰ ਰਹੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਹ 2002 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਲੈ ਹੁਣ ਤੱਕ ਹੋਣ ਵਾਲੀਆਂ ਸਾਰੀਆਂ ਚੋਣਾਂ ਦੌਰਾਨ ਵਾਤਾਵਰਣ ਦਾ ਮੁੱਦਾ ਚੋਣ ਮਨੋਰਥ ਪੱਤਰਾਂ ਵਿੱਚ ਸ਼ਾਮਿਲ ਕਰਨ ਦੀ ਮੰਗ ਕਰਦੇ ਆ ਰਹੇ ਹਨ।
ਉਨ੍ਹਾਂ ਕਿਹਾ ਕਿ 1 ਜੂਨ ਨੂੰ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।ਸਮੁੱਚੇ ਦੇਸ਼ ਦੇ ਚੋਣ ਨਤੀਜੇ 4 ਜੂਨ ਨੂੰ ਸਾਡੇ ਸਾਹਮਣੇ ਹੋਣਗੇ। ਲੋਕਾਂ ਨੇ ਆਉਂਦੇ 5 ਸਾਲਾਂ ਲਈ ਆਪਣੇ ਨੁਮਾਇੰਦੇ ਚੁਣਨੇ ਹਨ, ਇਹਨਾਂ 5 ਸਾਲਾਂ ਲਈ ਚੁਣੇ ਜਾਣ ਵਾਲੇ ਨੁਮਾਇੰਦੇ ਨੂੰ ਹਰ ਵੋਟਰ ਪੁੱਛੇ ਸਾਡੇ ਹਿੱਸੇ ਦਾ ਸਾਫ ਪਾਣੀ ਤੇ ਹਵਾ ਕਿੱਥੇ ਗਈ ਹੈ।
ਸੰਤ ਸਮਾਜ ਵੱਲੋਂ ਪੇਸ਼ ਕੀਤੇ ਗਏ ਵਾਤਾਵਰਣ ਦੇ ਏਜੰਡੇ ਵਿੱਚ 12 ਨੁਕਤਿਆਂ `ਤੇ ਗੱਲ ਕੀਤੀ ਗਈ ਹੈ ਤੇ ਇੰਨ੍ਹਾਂ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਵੀ ਸ਼ਾਮਿਲ ਹੈ। ਸੰਤ ਸੀਚੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਜਲਵਾਯੂ ਤਬਦੀਲੀ ਦੀ ਮਾਰ ਹੇਠ ਦੇਸ਼ ਦੇ 310 ਜ਼ਿਲ੍ਹੇ ਆਏ ਹੋਏ ਹਨ। ਇਹਨਾਂ ਵਿੱਚੋਂ ਪੰਜਾਬ ਦੇ 9 ਜ਼ਿਲ੍ਹੇ, ਹਿਮਾਚਲ ਦੇ 8 ਅਤੇ ਹਰਿਆਣੇ ਦੇ 11 ਜ਼ਿਲ਼੍ਹੇ ਸ਼ਾਮਿਲ ਹਨ। ਪੰਜਾਬ ਦੇ ਜਿਹੜੇ 9 ਜ਼ਿਲ੍ਹੇ ਜਲਵਾਯੂ ਦੀ ਮਾਰ ਹੇਠ ਹਨ, ਉਹਨਾਂ ਵਿੱਚੋਂ ਅਤਿ ਸੰਵੇਦਨਸ਼ੀਲ ਜਲੰਧਰ, ਗੁਰਦਾਸਪੁਰ, ਮੋਗਾ, ਫਰੀਦਕੋਟ ਅਤੇ ਬਠਿੰਡਾ ਜ਼ਿਲੇ ਹਨ ਤੇ ਇਹਨਾਂ ਤੋਂ ਇਲਾਵਾ ਫ਼ਿਰੋਜ਼ਪੁਰ, ਮੁਕਤਸਰ, ਮਾਨਸਾ ਅਤੇ ਸੰਗਰੂਰ ਵੀ ਜਲਵਾਯੂ ਤਬਦੀਲੀ ਦੀ ਮਾਰ ਝੱਲ ਰਹੇ ਹਨ। ਸਾਲ 20250 ਤੱਕ ਜਲੰਧਰ ,ਲੁਧਿਆਣਾ ਤੇ ਅੰਮ੍ਰਿਤਸਰ ਜਿਲ੍ਹਿਆਂ ਵਿੱਚ ਪਾਣੀ ਬਹੁਤ ਡੰਘਾ ਚਲਿਆ ਜਾਵੇਗਾ।
ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਵਿੱਚ ਜੰਗਲਾਂ ਦਾ ਰਕਬਾ ਸਿਰਫ 6 % ਰਹਿ ਗਿਆ ਹੈ ਜਦਕਿ 1947 ਵਿੱਚ 40% ਹੈ। ਮਾਹਿਰਾਂ ਮੁਤਾਬਿਕ ਕਿਸੇ ਵੀ ਰਾਜ ਲਈ 33% ਰਕਬਾ ਜੰਗਲਾਂ ਦੇ ਅਧੀਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਨੂੰ ਫਸਲੀ ਚੱਕਰ ਵਿੱਚੋਂ ਕੱਢਣ ਦੀ ਸਖਤ ਲੋੜ ਹੈ।
ਉਨ੍ਹਾਂ ਕਿਹਾ ਕਿ ਝੋਨਾ ਪੰਜਾਬ ਦੀ ਫਸਲ ਨਹੀਂ ਸੀ ।
ਇਸ ਮੌਕੇ ਸੰਤ ਤੇਜ਼ਾ ਸਿੰਘ ਐਮਏ,ਸੰਤ ਸੁਖਜੀਤ ਸਿੰਘ ਨਾਹਲਾਂ,ਸੰਤ ਗੁਰਬਚਨ ਸਿਮਘ ਪੰਡਵਾਂ, ਸੰਤ ਗੁਰਮੇਜ਼ ਸਿੰਘ, ਸੰਤ ਬਲਦੇਵ ਕ੍ਰਿਸ਼ਨ ਸਿੰਘ ਗਿੱਲਾਂ,ਸੰਤ ਸੁਖਜੀਤ ਸਿੰਘ ਸੀਚੇਵਾਲ, ਭਗਵਾਨ ਸਿੰਘ ਜੌਹਲ, ਵਿਸ਼ਵ ਚਿੰਤਕ ਡਾ; ਸਵਰਾਜ ਸਿੰਘ,ਸਾਬਕਾ ਚੇਅਰਮੈਨ ਮੋਹਣ ਲਾਲ ਸੂਦ,ਸੁਰਜੀਤ ਸਿੰਘ ਸ਼ੰਟੀ, ਬਹਾਦਰ ਸਿੰਘ ਸੰਧੂ ਅਤੇ ਹੋਰ ਸਮਾਜ ਸੇਵੀ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।
ਬਾਕਸ ਆਈਟਿਮ
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਸਿੰਬਲੀ ਪਿੰਡ ਨੇੜੇ 1 ਕਰੋੜ 19 ਲੱਖ ਨਾਲ ਬਣੇ ਰੈਗੂਲੇਟਰ ਨਾਲ ਨਹਿਰ ਦਾ ਪਾਣੀ ਚਿੱਟੀ ਵੇਈਂ ਵਿੱਚ ਛੱਡਿਆ ਜਾਣ ਲੱਗਾ ਹੈ।ਪਵਿੱਤਰ ਕਾਲੀ ਵੇਈਂ ਤੇ ਆਖਰੀ ਟਰੀਟਮੈਂਟ ਪਲਾਂਟ ਲੱਗਣ ਨਾਲ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਵਿੱਚ ਗੰਦੇ ਪਾਣੀ ਪੈਣੋਂ ਬੰਦ ਹੋ ਗਏ ਹਨ। ਕਾਲਾ ਸੰਘਿਆ ਡਰੇਨ ਵਿੱਚ ਪੱਥਰ ਲੱਗ ਰਿਹਾ ਹੈ ਤੇ ਇਸ 100 ਕਿਊਸਕਿ ਪਾਣੀ ਛੱਡਿਆ ਜਾਣਾ ਹੈ।ਲੁਧਿਆਣੇ ਦਾ ਬੁੱਢਾ ਦਰਿਆ ਨੂੰ ਸਾਫ ਸੁਥਰਾ ਕਰਨ ਲਈ ਇਸ ਦੇ ਕਿਨਾਰਿਆਂ ;ਤੇ ਬੂਟੇ ਲਾਏ ਜਾ ਰਹੇ ਹਨ ਤੇ ਹੁਣ ਤੱਕ 3100 ਬੂਟਾ ਲੱਗ ਚੁੱਕਾ ਹੈ।ਉਨ੍ਹਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਕਿ ਜਿਨ੍ਹਾਂ ਦੇ ਯਤਨਾਂ ਸਦਕਾ ਇਹ ਕੰਮ ਸਿਰ੍ਹੇ ਚੜ੍ਹ ਰਹੇ ਹਨ।