ਜਲੰਧਰ / ਦਿਨੇਸ਼ ਮਲਹੋਤਰਾ
ਅਗਸਤ-ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰੀਸਰਚ ਅਕਾਦਮੀ ਅੰਮ੍ਰਿਤਸਰ, ਸਾਫ਼ਮਾ ਤੇ ਪੰਜਾਬ ਜਾਗ੍ਰਿਤੀ ਮੰਚ ਵਲੋਂ ਸਰਬੱਤ ਦਾ ਭਲਾ ਟਰੱਸਟ ਅਤੇ ਨਾਟਸਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 27ਵੇਂ ਹਿੰਦ-ਪਾਕਿ ਦੋਸਤੀ ਸੰਮੇਲਨ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੱਖਣੀ ਏਸ਼ੀਆ, ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਦੋਸਤੀ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਪ੍ਰੈੱਸ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 14 ਅਗਸਤ ਨੂੰ ਸਵੇਰੇ ਨਾਟਸ਼ਾਲਾ ਅੰਮ੍ਰਿਤਸਰ (ਬਾਹਮਣੇ ਖਾਲਸਾ ਕਾਲਜ) ਵਿਖੇ ਅਜੋਕੀ ਸਥਿਤੀ ਵਿਚ ਭਾਰਤ ਪਾਕਿਸਤਾਨ ਸੰਬੰਧ’ ਵਿਚ ‘ਤੇ ਸਮੀਨਾਰ ਕਰਵਾਇਆ ਜਾਵੇਗਾ।
ਇਸ ਸੈਮੀਨਾਰ ਵਿਚ ਭਾਰਤ ਦੇ ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ, ਪੰਜਾਬ ਦੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਸਾਈਦਾ ਹਮੀਦ, ਨਈ ਦੁਨੀਆ ਦੇ ਸੰਪਾਦਕ ਸ਼ਾਹਿਦ ਸਦੀਕੀ, ਪ੍ਰਸਿੱਧ ਪੱਤਰਕਾਰ ਆਸੂਤੋਸ਼ ਤੇ ਰਾਜਦੀਪ ਸਰਦੇਸਾਈ, ਪ੍ਰੋਫੈਸਰ ਬਾਵਾ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਕਿਸਾਨ ਆਗੂ ਦਰਸ਼ਨ ਪਾਲ ਆਪਣੇ ਵਿਚਾਰ ਪ੍ਰਗਟ ਕਰਨਗੇ| ਇਸ ਉਪਰੰਤ ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ ਵਲੋਂ ਹਰ ਸਾਲ ਪਕਾਸ਼ਿਤ ਕੀਤੇ ਜਾਣ ਵਾਲਾ ਮੈਗਜ਼ੀਨ ‘ਪੰਜ ਪਾਣੀ’ ਅਤੇ ਕੁਝ ਹੋਰ ਪੁਸਤਕਾਂ ਵੀ ਰਿਲੀਜ਼ ਕੀਤੀਆਂ ਜਾਣਗੀਆਂ। ਇਸੇ ਸਥਾਨ ‘ਤੇ ਸ਼ਾਮ 7.00 ਵਜੇ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੀ ਦੋਸਤੀ ਨੂੰ ਸਮਰਪਿਤ ਸੱਭਿਆਚਾਰਕ ਸ਼ਾਮ ਦਾ ਆਯੋਜਨ ਹੋਵੇਗਾ, ਜਿਸ ਵਿਚ ਪ੍ਰਸਿੱਧ ਸੂਫ਼ੀ ਗਾਇਕ ਯਾਕੂਬ ਅਤੇ ਅਨਾਦੀ ਮਿਸ਼ਰਾ ਆਪਣੀ ਕਲਾ ਦਾ ਮੁਜ਼ਾਹਰਾ ਕਰਨਗੇ। ਰਾਤ 12.00 ਵਜੇ ਭਾਰਤ ਅਤੇ ਪਾਕਿਸਤਾਨ ਦੀ ਦੋਸਤੀ ਲਈ ਕੰਮ ਕਰਨ ਵਾਲੇ ਚੋਣਵੇਂ ਔਧੀਜੀਵੀਆਂ, ਚਿੰਤਕਾਂ ਅਤੇ ਪੱਤਰਕਾਰਾਂ ਵਲੋਂ ਸਰਹੱਦ ‘ਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਸੰਦੇਸ਼ ਦੇਣ ਲਈ ਮੋਮਬੱਤੀਆਂ ਜਗਾਈਆਂ ਜਾਣਗੀਆਂ।
ਇਹ ਸਮੁੱਚੀ ਜਾਣਕਾਰੀ ਪ੍ਰੈੱਸ ਕਾਨਫਰੰਸ ਵਿਚ ਹਿੰਦ-ਪਾਕਿ ਦੋਸਤੀ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ, ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ, ਪੰਜਾਬ ਜਾਗ੍ਰਿਤੀ ਮੰਚ ਦੇ ਜਨਰਲ ਸਕੱਤਰ ਦੀਪਕ ਬਾਲੀ ਅਤੇ ਸਰਬੰਤ ਦਾ ਭਲਾ ਟਰੱਸਟ ਦੁਆਬਾ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਅਤੇ ਹਿੰਦ-ਪਾਕਿ ਦੋਸਤੀ ਮੰਚ ਦੀ ਜਰਮਨ ਸ਼ਾਖ਼ਾ ਦੇ ਪ੍ਰਧਾਨ ਗਿਆਨ ਸਿੰਘ ਵਲੋਂ ਦਿੱਤੀ ਗਈ। ਇਸ ਅਵਸਰ ‘ਤੇ ਪ੍ਰਸਿੱਧ ਸਮਾਜ ਸੇਵੀ ਹਰਬੰਸ ਸਿੰਘ ਚੰਦੀ, ਵਿਰਸਾ ਵਿਹਾਰ ਟਰੱਸਟ ਦੇ ਸਕੱਤਰ ਗੁਰਮੀਤ ਸਿੰਘ, ਫੋਕਲੋਟ ਰਿਸਰਚ ਅਕਾਦਮੀ ਦੇ ਖਜਾਨਚੀ ਹਰਜੀਤ ਸਿੰਘ ਸਰਕਾਰੀਆ, ਮਨਜੀਤ ਸਿੰਘ ਧਾਲੀਵਾਲ ਅਤੇ ਹੋਰ ਅਹਿਮ ਸ਼ਖ਼ਸੀਅਤਾਂ ਹਾਜ਼ਰ ਸਨ।