ਹੜ੍ਹਾਂ ਨੂੰ ਰਾਜਨੀਤਿਕ ਮੁੱਦਾ ਨਾ ਬਣਾਇਆ ਜਾਵੇ: ਭੱਜੀ

*‘ਬੰਨ੍ਹ ਬੰਨ੍ਹਣ ਦੀ ਸੰਤ ਸੀਚੇਵਾਲ ਵੱਲੋਂ ਨਿਭਾਈ ਜਾ ਰਹੀ ਭੁਮਿਕਾ ਦਾ ਸਮੁੱਚੇ ਦੇਸ਼ ਨੂੰ ਪਤਾ ਲਗੱਣਾ ਚਾਹੀਦਾ ਹੈ’: ਭੱਜੀ
*ਕ੍ਰਿਕਟਰ ਭੱਜੀ ਨੇ ਧੁੱਸੀ ਬੰਨ੍ਹ ਦਾ ਕੀਤਾ ਦੌਰਾ ਤੇ ਚੁੱਕੇ ਬੋਰੇ
                 ਜਲੰਧਰ/ਮੈਟਰੋ ਐਨਕਾਊਂਟਰ ਬਿਊਰੋ

ਫਿਰਕੀ ਗੇਦਬਾਜ਼ ਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਭੱਜੀ ਨੇ ਅੱਜ 19 ਜੁਲਾਈ ਨੂੰ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਜਿੱਥੇ ਬੰਨ੍ਹ ਵਿੱਚ ਪਏ ਵੱਡੇ ਪਾੜ ਨੂੰ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪੂਰਿਆ ਜਾ ਰਿਹਾ ਹੈ। ਧੁੱਸੀ ਬੰਨ੍ਹ ਤੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਕੁੱਝ ਲੋਕ ਹੜ੍ਹਾਂ ਨੂੰ ਵੀ ਰਾਜਨੀਤਿਕ ਮੁੱਦਾ ਬਣਾ ਰਹੇ ਹਨ ਜਦਕਿ ਇਹ ਮੌਕਾ ਰਾਜਨੀਤੀ ਕਰਨ ਦਾ ਨਹੀ ਸਗੋਂ ਹਰ ਪੀੜਿਤਾਂ ਦੀ ਹਰ ਪੱਖ ਤੋਂ ਮਦੱਦ ਕਰਨ ਦਾ ਹੈ। ਉਹਨਾਂ ਆਪਣੇ ਨਾਲ ਬੈਠੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਹੜ੍ਹ ਆਉਣ ਵਾਲੀ ਰਾਤ ਵੀ ਉਹ 2 ਵਜੇ ਤੱਕ ਬੰਨ੍ਹ ਨੂੰ ਬਚਾਉਣ ਵਿੱਚ ਲੱਗੇ ਹੋਏ ਸਨ। ਜਦੋਂ ਦੋ ਥਾਵਾਂ ਤੇ ਧੁੱਸੀ ਬੰਨ੍ਹ ਵਿੱਚ ਪਾੜ ਪੈ ਗਿਆ ਤਾਂ ਉਹਨਾਂ ਬਿਨਾਂ ਦੇਰ ਕੀਤੀਆਂ ਇਹਨਾਂ ਨੂੰ ਪੂਰਨ ਵਿੱਚ ਆਪਣੀ ਪੂਰੀ ਤਾਕਤ ਲਗਾ ਦਿੱਤੀ।
ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਹਾ ਕਿ ਸੰਤ ਸੀਚੇਵਾਲ ਵੱਲੋਂ ਇਸ ਬੰਨ੍ਹ ਨੂੰ ਬੰਨ੍ਹਣ ਵਿੱਚ ਨਿਭਾਈ ਕੇਂਦਰੀ ਭੂਮਿਕਾ ਬਾਰੇ ਸਮੁੱਚੇ ਦੇਸ਼ ਨੂੰ ਪਤਾ ਲੱਗਣਾ ਚਾਹੀਦਾ ਹੈ। ਹਰਭਜਨ ਸਿੰਘ ਭੱਜੀ ਨੇ ਧੱੁਸੀ ਬੰਨ੍ਹ ਦੇ ਕਾਰਜਾਂ ਨੂੰ ਨੇਪਰੇ ਚਾੜਨ ਦਾ ਸਾਰਾ ਸਿਹਰਾ ਸੰਤ ਸੀਚੇਵਾਲ ਤੇ ਉਹਨਾਂ ਨਾਲ ਦਿਨ ਰਾਤ ਸੇਵਾ ਵਿੱਚ ਜੁਟੀ ਸੰਗਤ ਨੂੰ ਦਿੱਤਾ। ਉਹਨਾਂ ਕਿਹਾ ਕਿ ਹੜ੍ਹ ਨਾਲ ਹੋਰ ਵੀ ਬਹੁਤ ਨੁਕਸਾਨ ਹੋ ਜਾਣਾ ਸੀ ਪਰ ਸੰਤ ਸੀਚੇਵਾਲ ਨੇ ਬੰਨ੍ਹ ਤੇ ਪਹਿਰਾ ਦੇ ਕੇ ਨੁਕਸਾਨ ਹੋਣ ਤੋਂ ਬਚਾ ਲਿਆ। ਭੱਜੀ ਨੇ ਕਿਹਾ ਕਿ ਉਹਨਾਂ ਨੇ ਬੰਨ੍ਹ ਬੰਨਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।
ਹੜ੍ਹਾਂ ਪੀੜਿਤਾਂ ਦੀ ਹਰ ਸੰਭਵ ਮਦੱਦ ਦਾ ਭਰੋਸਾ ਦਿੰਦਿਆ ਕ੍ਰਿਕਟਰ ਹਰਭਜਨ ਭੱਜੀ ਨੇ ਕਿਹਾ ਕਿ ਉਹ ਆਪਣੇ ਐਮ.ਪੀ ਲੈਂਡ ਫੰਡਜ਼ ਵਿੱਚੋਂ ਹੀ ਨਹੀ ਸਗੋਂ ਆਪਣੇ ਨਿੱਜੀ ਪੈਸਿਆਂ ਵਿੱਚੋਂ ਵੀ ਪੀੜਿਤ ਲੋਕਾਂ ਦੀ ਮਦੱਦ ਕਰਨ ਲਈ ਤਿਆਰ ਹਨ। ਕ੍ਰਿਕਟਰ ਹਰਭਜਨ ਭੱਜੀ ਨੇ ਅਲੋਚਨਾ ਕਰਨ ਵਾਲੇ ਆਗੂ ਤੇ ਤਿੱਖਾ ਵਾਰ ਕਰਦਿਆ ਕਿਹਾ ਕਿ ਉਸ ਸਿਰਫ ਵੀਡਿਓ ਤੇ ਫੋਟੋ ਕਰਾਉਣ ਲਈ ਹੀ ਉਹਨਾਂ ਦੀ ਅਲੋਚਨਾ ਕਰ ਰਹੇ ਹਨ ਕਿ ਪੰਜਾਬ ਡੁੱਬ ਰਿਹਾ ਹੈ ਤੇ ਭੱਜੀ ਸਵਿਟਜ਼ਰਲੈਂਡ ਵਿੱਚ ਛੁੱਟੀਆਂ ਮਨਾ ਰਿਹਾ ਹੈ। ਭੱਜੀ ਨੇ ਕਿਹਾ ਕਿ ਉਹ ਹੜ੍ਹ ਆਉਣ ਤੋਂ ਪਹਿਲਾਂ ਹੀ ਵਿਦੇਸ਼ ਗਿਆ ਹੋਇਆ ਸੀ। ਜੇਕਰ ਉਸਨੂੰ ਪਤਾ ਹੁੰਦਾ ਤਾਂ ਉਹ ਵੀ ਇੱਥੇ ਸੰਤ ਸੀਚੇਵਾਲ ਨਾਲ ਸੇਵਾ ਕਰ ਰਿਹਾ ਹੁੰਦਾ।
ਨੌਜਵਾਨਾਂ ਵੱਲੋਂ ਦਰਿਆ ਵਿੱਚ ਡੂੰਘੇ ਪਾੜ ਨੂੰ ਪੂਰਨ ਲਈ ਮਿੱਟੀ ਦੇ ਬੋਰਿਆਂ ਨਾਲ ਬਣਾਏ ਗਏ ਕਰੇਟ ਵਰਤੋਂ ਵਿੱਚ ਲਿਆਂਦੇ ਜਾ ਰਹੇ ਹਨ। ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਆਪਣੇ ਹਮ ਰੁਤਬਾ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਟਰਾਲੀ ’ਤੇ ਚੜ੍ਹ ਕੇ ਮਿੱਟੀ ਦੇ ਬੋਰੇ ਨੌਜਵਾਨਾਂ ਨੂੰ ਚੁਕਵਾਏ। ਮਿੱਟੀ ਦੇ ਬੋਰਿਆਂ ਨਾਲ ਬਣੇ ਚਾਰ ਕਰੇਟਾਂ ਨੂੰ ਇੱਕਠਿਆ ਹੀ ਦਰਿਆ ਵਿੱਚ ਠੇਲਣ ਸਮੇਂ ਭੱਜੀ ਨੇ ਵੀ ਉਹਨਾਂ ਨਾਲ ਮਿਲਕੇ ਸੇਵਾਦਾਰਾਂ ਨੂੰ ਹੱਲਾਸ਼ੇਰੀ ਦਿੱਤੀ।

######################################

ਮੌਨਸੂਨ ਸ਼ੈਸਨ ਵਿੱਚੋਂ ਹੜ੍ਹ ਪੀੜਿਤਾਂ ਲਈ ਸੰਤ ਸੀਚੇਵਾਲ ਨੇ ਲਈ ਛੁੱਟੀ

ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਪਏ ਦੂਜੇ 925 ਫੁੱਟ ਚੌੜੇ ਪਾੜ ਨੂੰ ਪੂਰਨ ਵਿੱਚ ਲੱਗੇ ਸਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸ਼ੈਸਨ ਵਿੱਚੋਂ ਛੁੱਟੀ ਲੈਣ ਲਈ ਰਾਜ ਸਭਾ ਦੇ ਚੇਅਰਮੈਨ ਨੂੰ ਪੱਤਰ ਲਿੱਖਿਆ ਹੈ। ਉਹਨਾਂ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਪੰਜਾਬ ਦੇ 19 ਜਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਜਲੰਧਰ ਤੇ ਕਪੂਰਥਲਾ ਜਿਿਲਆਂ ’ਚ ਹੜ੍ਹ ਨੇ ਕਾਫੀ ਇਲਾਕਾ ਪ੍ਰਭਾਵਿਤ ਕੀਤਾ ਹੈ ਇੱਥੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਵਿੱਚ ਦੋ ਥਾਵਾਂ ਵਿੱਚ ਪਾੜ ਪੈ ਗਿਆ ਸੀ। ਜਿਸਚੋਂ ਇਕ ਪੂਰਿਆ ਜਾ ਚੁੱਕਾ ਹੈ ਤੇ ਦੂਜੇ ਪਾੜ ਨੂੰ ਪੂਰਨ ਲਈ ਦਿਨ ਰਾਤ ਕਾਰਸੇਵਾ ਚੱਲ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵੇਲੇ ਸਾਡੀ ਇੱਥੇ ਹਾਜ਼ਰੀ ਦੀ ਸਖ਼ਤ ਲੋੜ ਮਹਿਸੂਸ ਕਰ ਰਹੇ ਹਨ।

You May Also Like