*ਸੰਤ ਸੀਚੇਵਾਲ ਨੇ ਚੁੱਕਿਆ ਮੁੱਦਾ, ਭਾਰਤੀ ਦੂਤਾਵਾਸਾਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 06 ਦਸੰਬਰ/ਮੈਟਰੋ ਐਨਕਾਊਂਟਰ ਬਿਉਰੋ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਖਾੜੀ ਦੇਸ਼ਾਂ ਵਿੱਚ ਪੰਜਾਬ ਦੀਆਂ ਔਰਤਾਂ ਦੀ ਹੋ ਰਹੀ ਖਰੀਦੋ ਫਰੋਖਤ ਦਾ ਮੁੱਦਾ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਸਦਨ ਨੂੰ ਦੱਸਿਆ ਕਿ ਟਰੈਵਲ ਏਜੰਟ ਪੰਜਾਬ ਦੀਆਂ ਔਰਤਾਂ ਨੂੰ ਖਾੜੀ ਦੇਸ਼ਾਂ ਵਿੱਚ ਲਿਜਾ ਕੇ ਉੱਥੇ ਵੇਚ ਰਹੇ ਹਨ।
ਸੰਤ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਉਹ ਖਾੜੀ ਦੇਸ਼ਾਂ ਵਿੱਚੋਂ ਲਗਭਗ 60 ਔਰਤਾਂ ਨੂੰ ਭਾਰਤ ਵਾਪਸ ਲਿਆ ਚੁੱਕੇ ਹਨ, ਜਿਨ੍ਹਾਂ ਨੂੰ ਉਥੋਂ ਵੇਚਿਆ ਗਿਆ ਸੀ। ਟਰੈਵਲ ਏਜੰਟ ਗਰੀਬ ਘਰਾਂ ਦੀਆਂ ਔਰਤਾਂ/ਲੜਕੀਆਂ ਨੂੰ ਫਸਾ ਰਹੇ ਹਨ ਜੋ ਬਹੁਤ ਛੋਟੀਆਂ ਹਨ ਅਤੇ ਉਨ੍ਹਾਂ ਨੂੰ ਵਿਜ਼ਟਰ ਵੀਜ਼ੇ ‘ਤੇ ਖਾੜੀ ਦੇਸ਼ਾਂ ਵਿਚ ਲੈਜਾ ਕੇ ਵੇਚ ਰਹੇ ਹਨ, ਜਿੱਥੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਘਰ ਜਾਂ ਰੈਸਟੋਰੈਂਟ ਵਿੱਚ ਕੰਮ ਕਰਨ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ 35 ਤੋਂ 40 ਹਜ਼ਾਰ ਤੱਕ ਤਨਖਾਹ ਦਾ ਝੂਠਾ ਭਰੋਸਾ ਦਿੱਤਾ ਜਾਂਦਾ ਹੈ। ਫਿਰ ਉੱਥੇ, ਉਨ੍ਹਾਂ ਔਰਤਾਂ ਨੂੰ ਅਰਬੀ ਭਾਸ਼ਾ ਵਿੱਚ ਲਿਖੇ ਇੱਕ ਸਮਝੌਤੇ ‘ਤੇ ਦਸਤਖਤ ਕਰਨ ਲਈ ਕਿਹਾ ਜਾਂਦਾ ਹੈ। ਜਿਸ ਦਾ ਉਹ ਨਾਜਾਇਜ਼ ਫਾਇਦਾ ਉਠਾ ਰਹੇ ਹਨ। ਇਹ ਟ੍ਰੈਵਲ ਏਜੰਟਾਂ ਦਾ ਇੱਕ ਵੱਡਾ ਸਮੂਹ ਹੈ ਜਿਸਦਾ ਨੈੱਟਵਰਕ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਫੈਲਿਆ ਹੋਇਆ ਹੈ। ਵਾਪਸ ਆਈਆਂ ਲੜਕੀਆਂ ਨੇ ਦੱਸਿਆ ਕਿ ਇਨ੍ਹਾਂ ਵਿੱਚ ਨੇਪਾਲ ਤੇ ਹੋਰ ਦੇਸ਼ਾਂ ਦੀਆਂ ਔਰਤਾਂ ਵੀ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਗਿਰੋਹ ਅੰਤਰਰਾਸ਼ਟਰੀ ਹੈ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਔਰਤਾਂ ਨੂੰ ਇਰਾਕ ਵਰਗੇ ਦੇਸ਼ ਵਿੱਚ ਵੀ ਭੇਜਿਆ ਜਾ ਰਿਹਾ ਹੈ, ਜਿੱਥੇ ਜਾਣਾ ਬਹੁਤ ਮੁਸ਼ਕਲ ਹੈ। ਸੰਤ ਸੀਚੇਵਾਲ ਨੇ ਖਾੜੀ ਦੇਸ਼ਾਂ ਵਿੱਚਲੇ ਭਾਰਤੀ ਦੂਤਾਵਾਸਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਦੇਸ਼ ਦੇ ਦੁੱਖੀ ਨਾਗਰਿਕਾਂ ਨੂੰ ਕੱਢਣ ਵਿੱਚ ਮਦਦ ਕੀਤੀ ਹੈ।
ਉਨ੍ਹਾ ਸਦਨ ਦੇ ਮਾਧਿਅਮ ਰਾਹੀਂ ਵਿਦੇਸ਼ ਮੰਤਰਾਲੇ ਨੂੰ ਵੀ ਬੇਨਤੀ ਕੀਤੀ ਕਿ ਇਸ ਗੋਰਖ ਧੰਦੇ ਨਾਲ ਜੁੜੇ ਟਰੈਵਲ ਏਜੰਟ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ ਜਾਵੇ ਅਤੇ ਦੇਸ਼ ਦੀਆਂ ਔਰਤਾਂ/ਕੁੜੀਆਂ ਨੂੰ ਵਿਦੇਸ਼ਾਂ ਵਿੱਚ ਵੇਚਣ ਵਾਲਿਆਂ ਨੂੰ ਸਖ਼ਤ ਸਜਾਵਾਂ ਦਿੱਤੀਆਂ ਜਾਣ।