ਸੀ.ਪੀ.ਆਈ. (ਐੱਮ.- ਐੱਲ.) ਵਲੋਂ ਨਿਊਜ਼ ਕਲਿੱਕ ’ਤੇ ਛਾਪੇਮਾਰੀ ਅਤੇ ਐਸ.ਵਾਈ.ਐਲ.ਦੀ ਉਸਾਰੀ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ

                      ਚੰਡੀਗੜ੍ਹ/ਮੈਟਰੋ ਨਿਊਜ਼ ਸਰਵਿਸ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਦੀ ਪੰਜਾਬ ਰਾਜ ਕਮੇਟੀ ਨੇ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਵੱਲੋਂ ਆਨਲਾਈਨ ਨਿਊਜ਼ ‘ਨਿਊਜ਼ ਕਲਿੱਕ’ ਦੇ ਦਫ਼ਤਰ ਨੂੰ ਸੀਲ ਕਰਨ, ਇਸ ਨਾਲ ਸਬੰਧਤ ਪੱਤਰਕਾਰਾਂ ਦੇ ਟਿਕਾਣਿਆਂ ਉੱਪਰ ਛਾਪੇ ਮਾਰਨ, ਉਹਨਾਂ ਨੂੰ ਪੁਲੀਸ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨ ਅਤੇ ਐਸ.ਵਾਈ.ਐਲ. ਦੇ ਮੁੱਦੇ ’ਤੇ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਖ਼ੇਤਰ ਵਿੱਚ ਨਹਿਰ ਦੀ ਉਸਾਰੀ ਲਈ ਸਰਵੇ ਕਰਨ ਦੇ ਹੁਕਮਾਂ ਦੇ ਵਿਰੋਧ ‘ਚ 9 ਅਕਤੂਬਰ ਨੂੰ ਸੂਬੇ ਭਰ ਵਿੱਚ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
ਪਾਰਟੀ ਦੀ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ ਅਜਮੇਰ ਸਿੰਘ ਨੇ ਜਾਰੀ ਬਿਆਨ ਰਾਹੀਂ ਕਿਹਾ ਕਿ ਇਹ ਛਾਪੇਮਾਰੀ ਸਰਕਾਰ ਦੀਆਂ ਨੀਤੀਆਂ ਨਾਲੋਂ ਵਖਰੇਵਾਂ ਰੱਖਣ, ਅਲੋਚਨਾ ਕਰਨ ਅਤੇ ਵਿਰੋਧੀ ਆਵਾਜ਼ ਨੂੰ ਦਬਾਉਣ ਲਈ ਪੱਤਰਕਾਰਾਂ, ਲੇਖਕਾਂ, ਜਮਹੂਰੀ ਹੱਕਾਂ ਦੇ ਰਾਖੇ ਕਾਰਕੁਨਾਂ ਅਤੇ ਸਿਆਸੀ ਵਿਰੋਧੀਆਂ ਨੂੰ ਦਬਾਉਣ, ਧਮਕਾਉਣ ਦੇ ਫਾਸ਼ੀਵਾਦੀ ਹਮਲਿਆਂ ਦੇ ਜਾਰੀ ਰੱਖਣ ਦਾ ਹੀ ਹਿੱਸਾ ਹੈ। ਵਿਦੇਸ਼ੀ ਫੰਡ ਲੈਣ ਅਤੇ ਚੀਨ ਪੱਖੀ ਪ੍ਰਾਪੇਗੰਡੇ ਦੇ ਬਹਾਨੇ ਪੁਲੀਸ ਹਿਰਾਸਤ ਵਿੱਚ ਲਏ ਗਏ ਪੱਤਰਕਾਰਾਂ, ਇਤਿਹਾਸਕਾਰਾਂ ਅਤੇ ਵਿਅੰਗਕਾਰਾਂ ਤੋਂ ਨਾਗਰਿਕਤਾ ਸੋਧ ਬਿੱਲ ਅਤੇ ਕਿਸਾਨ ਅੰਦੋਲਨ ਸਬੰਧੀ ਪੁੱਛੇ ਗਏ ਸਵਾਲ ਸਰਕਾਰ ਦੇ ਅਸਲੀ ਇਰਾਦਿਆਂ ਨੂੰ ਸਾਹਮਣੇ ਲਿਆਉਂਦੇ ਹਨ। ਉਨ੍ਹਾਂ ਕਿਹਾ ਕਿ ਪਿੱਛੇ ਜਿਹੇ ਜੀ-20 ਸੰਮੇਲਨ ਦੇ ਐਲਾਨਨਾਮੇ ਉੱਪਰ ਮੋਦੀ ਵੱਲੋਂ ਕੀਤੇ ਦਸਤਖਤਾਂ ਦੀ ਹਾਲੇ ਸਿਆਹੀ ਵੀ ਨਹੀਂ ਸੁੱਕੀ, ਜਿਸ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਦੀ ਪ੍ਰਤੀਬੱਧਤਾ ਦਾ ਪਾਲਣ ਕਰਨ ਦਾ ਵਾਅਦਾ ਕੀਤਾ ਗਿਆ ਸੀ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਦੁਨੀਆ ਭਰ ਵਿੱਚ ਸਰਕਾਰ ਦੀ ਅਲੋਚਨਾ ਹੋ ਰਹੀ ਹੈ। ਸਭ ਤੋਂ ਵੱਡੀ ਜਮਹੂਰੀਅਤ ਦੀ ਦਾਅਵੇਦਾਰ ਸਰਕਾਰ ਦੀ ਲਗਾਤਾਰ ਨਿਖੇਧੀ ਦੇ ਬਾਵਜੂਦ ਭਾਜਪਾ-ਆਰ.ਐਸ.ਐਸ. ਦੀ ਅਗਵਾਈ ਵਾਲੀ ਮੋਦੀ ਸਰਕਾਰ ਫਾਸ਼ੀਵਾਦੀ ਹਮਲੇ ਜਾਰੀ ਰੱਖ ਰਹੀ ਹੈ। ਬਹੁਤ ਸਾਰੇ ਲੇਖਕ, ਪੱਤਰਕਾਰ, ਸਿਆਸੀ ਕਾਰਕੁੰਨ ਪਿਛਲੇ ਕਈ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਉਨ੍ਹਾਂ ਨੂੰ ਜ਼ਮਾਨਤ ਦੇਣ ਦਾ ਵਿਰੋਧ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਐਨ.ਆਈ.ਏ., ਈ.ਡੀ. ਤੇ ਸੀ.ਬੀ.ਆਈ. ਦੀ ਵਰਤੋਂ ਫਿਰਕੂ ਧਰੁਵੀਕਰਨ ਨੂੰ ਵਧਾਉਣ, ਵਿਰੋਧੀਆਂ ਨੂੰ ਦਬਾਉਣ ਲਈ ਕੀਤੀ ਜਾ ਰਹੀ ਹੈ ਤਾਂ 2024 ਦੀਆਂ ਚੋਣਾਂ ਵਿੱਚ ਇਸਦਾ ਲਾਹਾ ਲਿਆ ਜਾ ਸਕੇ। ਬਸਤੀਵਾਦੀ ਕਾਨੂੰਨਾਂ ਦੇ ਖਾਤਮੇ ਦੇ ਨਾਂ ਥੱਲੇ ਲਿਆਂਦੇ ਗਏ ਸੋਧ ਬਿੱਲ ਬਸਤੀਵਾਦੀ ਕਾਨੂੰਨਾਂ ਨਾਲੋਂ ਵੀ ਸਖਤ ਬਣਾਏ ਗਏ ਹਨ, ਜਿਸ ਨਾਲ ਸਰਕਾਰ ਨੂੰ ਲੋਕਾਂ ਵਿਰੁੱਧ ਵਰਤੇ ਜਾਣ ਵਾਲੇ ਅਧਿਕਾਰਾਂ ਵਿੱਚ ਹੋਰ ਵਾਧਾ ਕੀਤਾ ਗਿਆ ਹੈ।
ਪਾਰਟੀ ਨੇ ਸਮੁੱਚੀਆਂ ਜਮਹੂਰੀ ਅਤੇ ਇਨਕਲਾਬੀ ਸ਼ਕਤੀਆਂ ਨੂੰ ਸਰਕਾਰ ਦੇ ਇਹਨਾਂ ਫਾਸ਼ੀਵਾਦੀ ਹਮਲਿਆਂ ਅਤੇ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਵਿਰੋਧੀ ਹਰ ਫੈਸਲੇ ਦੇ ਵਿਰੁੱਧ ਵਿਸ਼ਾਲ ਲਾਮਬੰਦੀ ਉਸਾਰ ਕੇ 9 ਅਕਤੂਬਰ ਨੂੰ ਹੋ ਰਹੇ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ।

You May Also Like