Jalandhar/ ਪ੍ਰੈੱਸ ਕਲੱਬ ਦਾ ਵੱਕਾਰ ਹਰ ਹਾਲ ਵਿੱਚ ਬਹਾਲ ਰੱਖਿਆ ਜਾਵੇਗਾ:ਜੌਹਲ

ਜਲੰਧਰ / ਮੈਟਰੋ ਬਿਊਰੋ
ਪੰਜਾਬ ਪ੍ਰੈੱਸ ਕਲੱਬ ਅੰਦਰ ਬੀਤੇ ਦਿਨੀਂ 7 ਜਨਵਰੀ ਨੂੰ ਆਮ ਆਦਮੀ ਪਾਰਟੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਸੀ। ਜਿਸ ਨੂੰ ਸੰਬੋਧਨ ਕਰਨ ਲਈ ਪਾਰਟੀ ਵੱਲੋਂ ਰਾਘਵ ਚੱਡਾ, ਦਿਨੇਸ਼ ਢੱਲ, ਸ਼ੀਤਲ ਅੰਗੂਰਾਲ ਅਤੇ ਹੋਰ ਵੀ ਕਈ ਨੇਤਾ ਅਤੇ ਵਰਕਰ ਹਾਜ਼ਰ ਸਨ। ਇਸ ਪ੍ਰੈੱਸ ਕਾਨਫਰੰਸ ਦੇ ਦੌਰਾਨ ਪਾਰਟੀ ਦੇ ਹੀ ਕੁਝ ਨਾਰਾਜ਼ ਚੱਲ ਰਹੇ ਵਰਕਰਾਂ ਵੱਲੋਂ ਕਲੱਬ ਦੇ ਕੈਂਪਸ ਵਿਚ ਹੰਗਾਮਾ ਕੀਤਾ ਗਿਆ ਸੀ ਜਿਸ ਦੀਆਂ ਕੁਝ ਵੀਡੀਓ ਅਲੱਗ-ਅਲੱਗ ਮੀਡੀਆ ਦੇ ਅਦਾਰਿਆਂ ਰਾਹੀਂ ਵੀ ਵਾਇਰਲ ਹੋਈਆਂ ਹਨ। ਇਸ ਸਾਰੇ ਘਟਨਾਕ੍ਰਮ ਦੇ ਪ੍ਰਤੀ ਪ੍ਰੈਸ ਕਲੱਬ ਨਾਲ ਜੁੜੇ ਮੈਂਬਰਾਂ ਅਤੇ ਪੱਤਰਕਾਰਾਂ ਵੱਲੋਂ ਕਾਫੀ ਰੋਸ ਪਾਇਆ ਜਾ ਰਿਹਾ ਹੈ ਕਿ ਇਸ ਘਟਨਾ ਨੇ ਪੱਤਰਕਾਰਾਂ ਦੀ ਸਿਰਮੌਰ ਸੰਸਥਾ ਪੰਜਾਬ ਪ੍ਰੈਸ ਕਲੱਬ ਦੀ ਸਾਖ ਨੂੰ ਢਾਹ ਲਾਈ ਹੈ ਅਤੇ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਪੰਜਾਬ ਪ੍ਰੈਸ ਕਲੱਬ ਨੂੰ ਆਮ ਆਦਮੀ ਪਾਰਟੀ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਸਬੰਧ ਵਿੱਚ ਕਲੱਬ ਦੇ ਪ੍ਰਧਾਨ ਡਾ.ਲਖਵਿੰਦਰ ਸਿੰਘ ਜੌਹਲ ਵੱਲੋਂ ਕਲੱਬ ਦੇ ਸਾਰੇ ਮੈਂਬਰਾਂ ਅਤੇ ਸਮੂਹ ਪੱਤਰਕਾਰ ਭਾਈਚਾਰੇ ਦੇ ਧਿਆਨ ਹਿੱਤ ਦੱਸਿਆ ਜਾਂਦਾ ਹੈ ਕਿ ਇਸ ਘਟਨਾਕ੍ਰਮ ਦੇ ਬੀਤਣ ਤੋਂ ਅਗਲੇ ਦਿਨ ਹੀ ਆਮ ਆਦਮੀ ਪਾਰਟੀ ਨੇ ਪ੍ਰੈੱਸ ਕਲੱਬ ਤੋਂ ਲਿਖਤ ਰੂਪ ਵਿੱਚ ਮਾਫੀ ਮੰਗ ਲਈ ਗਈ ਸੀ। ਉਹਨਾਂ ਇਹ ਵੀ ਕਿਹਾ ਕਿ ਚੋਣ ਕਮਿਸ਼ਨ ਦੀ ਹਿਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਿਸੇ ਵੀ ਤਰਾਂ ਦਾ ਇਕੱਠ, ਪ੍ਰਦਰਸ਼ਨ ਜਾਂ ਰੈਲੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰੈੱਸ ਕਲੱਬ ਦਾ ਵੱਕਾਰ ਹਰ ਹਾਲ ਵਿੱਚ ਬਹਾਲ ਰੱਖਿਆ ਜਾਵੇਗਾ।

You May Also Like