Jalndhar/ ਨਵੇਂ ਖੇਤੀ ਕਾਨੂੰਨਾਂ ਬਾਰੇ ਕਲ ਆ ਸਕਦੀ ਹੈ ਵੱਡੀ ਖਬਰ, ਕਿਸਾਨ ਅੰਦੋਲਨ ਦੀਵਾਲੀ ਤੋਂ ਪਹਿਲਾਂ ਖਤਮ ਕਰਵਾਏ ਜਾਣ ਦੇ ਆਸਾਰ

*ਕੈਪਟਨ ਅਮਰਿੰਦਰ ਦੀ ਪ੍ਰੈੱਸ ਕਾਨਫਰੈਂਸ ਅਤੇ ਭਾਜਪਾ ਨੇਤਾ ਹਰਜੀਤ ਸਿੰਘ ਗਰੇਵਾਲ ਦੇ ਮੀਡਿਆ ਵਿੱਚ ਆਏ ਬਿਆਨ ਤੋਂ ਮਿਲੇ ਇਸ਼ਾਰੇ

ਜਲੰਧਰ/ ਮੈਟਰੋ ਬਿਊਰੋ

ਨਵੇਂ ਕੇਂਦਰੀ ਕਾਨੂੰਨਾਂ ਨੂੰ ਲੈਕੇ ਕਲ  ਸੁਖਾਵੀਂ ਅਤੇ ਵੱਡੀ ਖਬਰ ਮਿਲ ਸਕਦੀ ਹੈ। ਇਜ਼ ਗੱਲ ਦੇ ਅਹਿਮ ਸੰਕੇਤ ਮਿਲ ਰਹੇ ਹਨ ਕਿ ਕਿਸਾਨ ਅੰਦੋਲਨ ਦੀਵਾਲੀ ਤੋਂ ਪਹਿਲਾਂ ਖ਼ਤਮ ਕਰਵਾਇਆ ਜਾ ਸਕਦਾ ਹੈ । ਇਹ ਸੰਕੇਤ ਕੈਪਟਨ ਅਮਰਿੰਦਰ ਸਿੰਘ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਪ੍ਰੈਸ ਕਾਨਫਰੈਂਸ ਅਤੇ ਭਾਜਪਾ ਨੇਤਾ ਹਰਜੀਤ ਗਰੇਵਾਲ ਦੀ ਨਿਊਜ਼ 18 ਪੰਜਾਬ ਟੀ ਵੀ ਚੈਨਲ ਨਾਲ ਹੋਈ ਗੱਲਬਾਤ ਤੋਂ ਮਿਲੇ ਹਨ।

ਕੈਪਟਨ ਅਮਰਿੰਦਰ ਸਿੰਘ ਦੀ ਇੱਕ ਦਿਨਾ ਅਗਾਉ ਸੂਚਨਾ ਵਾਲੀ ਅੱਜ ਚੰਡੀਗੜ੍ਹ ਵਿਖੇ ਹੋਈ ਪ੍ਰੈਸ ਕਾਨਫਰੰਸ ਵਿੱਚ ਉਮੀਦ ਦੇ ਉਲਟ ਨਵੀ ਪਾਰਟੀ ਦਾ ਐਲਾਨ ਨਹੀਂ ਹੋਇਆ ਅਤੇ ਕੈਪਟਨ ਨੇ ਪਾਰਟੀ ਦਾ ਐਲਾਨ ਅਜੇ ਨਾ ਕੀਤੇ ਜਾਣ ਦੇ ਦੱਸੇ ਗਏ ਕਾਰਣ ਨੂੰ ਚੋਣ ਕਮਿਸਨ ਦੇ ਕੰਮਾਂ ਬਾਰੇ ਜਾਣਕਾਰੀ ਦੇ ਮਾਹਿਰਾਂ ਦੀ ਸਹਿਮਤੀ ਨਹੀਂ ਹੈ ਅਤੇ ਇਹਨਾਂ ਦਾ ਮੰਨਣਾ ਹੈ ਕਿ ਕੁਝ ਨਵੇਂ ਸਮੀਕਰਣ ਬਣਦੇ ਦਿਸ ਰਹੇ ਹਨ। ਕੈਪਟਨ ਨੇ ਵੀ ਕਿਹਾ ਹੈ ਕਿ ਉਹ ਕਲ ਦੋਬਾਰਾ ਖੇਤੀ ਕਾਨੂੰਨਾਂ ਅਤੇ ਹੋਰ ਵਿਸ਼ਿਆਂ ਨੂੰ ਲੈਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾ ਰਹੇ ਹਨ।

ਦੂਜੇ ਪਾਸੇ ਪੰਜਾਬ ਵਿੱਚ ਭਾਜਪਾ ਦੇ ਅਹਿਮ ਸਿੱਖ  ਆਗੂ ਜੋ ਕਿ ਕਿਸਾਨ ਅੰਦੋਲਨ ਦਾ ਤਾਪ ਸਹਿਣ ਦੇ ਬਾਵਜੂਦ ਬੜੀ ਨਰਮੀ ਨਾਲ ਕਿਸਾਨ ਆਗੂਆਂ ਨਾਲ ਮੀਡੀਆ ਜਰੀਏ ਅਤੇ ਅੰਦਰਵਾਰ ਵੀ ਸੰਪਰਕ ਵਿੱਚ ਹਨ ਨੇ ਉਪਰੋਕਤ ਟੇਲੀਵਿਜਨ ਨਾਲ ਇਸ ਵਿਸ਼ੇ ਉੱਤੇ ਸਿੱਧੀ ਗੱਲਬਾਤ ਦੌਰਾਨ ਕਿਹਾ ਹੈ ਕਿ ਅੱਜੇ ਖੁਲ ਕੇ ਬੋਲਣ ਦਾ ਟਾਈਮ ਨਹੀਂ ਹੈ ਕਿਊ ਕਿ ਅਧਪੱਕੀ ਗੱਲ ਦੇ ਟੁੱਟਣ ਦੀ ਸ਼ੰਕਾ ਬਣ ਜਾਂਦੀ ਹੈ ਪਰ ਗੱਲਬਾਤ ਬਹੁਤ ਨੇੜੇ ਪਹੁੰਚ ਚੁੱਕੀ ਹੈ। ਇਸ ਗੱਲਬਾਤ ਵਿੱਚ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਦੀ ਉਤਸ਼ਾਹੀ ਗਲਬਾਤ ਨੇ ਵੀ ਹਾਂ ਪੱਖੀ ਸੰਕੇਤ ਦਿੱਤੇ ਹਨ। ਗਰੇਵਾਲ ਨੇ ਦੱਸਿਆ ਕਿ ਕਲ ਕੇਂਦਰੀ ਮੰਤਰੀ ਹਰਦੀਪ ਪੁਰੀ , ਗਜੇਂਦਰ ਸਿੰਘ ਸ਼ੇਖਾਵਤ,ਮੀਨਾਕਸ਼ੀ ਲੇਖੀ ਆਦਿ ਵੱਡੇ ਲੀਡਰ ਇਸ ਵਿਸ਼ੇ ਤੇ ਉੱਚ ਪੱਧਰੀ ਵਿਚਾਰਾਂ ਲਈ  ਮੀਟਿੰਗਾਂ ਲਈ ਚੰਡੀਗੜ ਪੁੱਜ ਰਹੇ ਹਨ।

ਦੱਸਣ ਯੌਗ ਅਹਿਮ ਗੱਲ ਹੈ ਕਿ ਕਲ 28 ਅਕਤੂਬਰ 2021 ਨੂੰ ਭਾਜਪਾ ਨੇ ਚੰਡੀਗੜ੍ਹ ਵਿਖੇ ਪਾਰਟੀ ਦੇ ਮੁੜ ਤੋਂ ਬਣਾਏ ਗਏ ਨਵੇਂ ਦਫਤਰ ਵਿੱਚ ਸ਼੍ਰੀ ਸੁਖਮਣੀ ਸਾਹਿਬ ਦਾ ਪਾਠ ਰੱਖਿਆ ਹੈ ਅਤੇ ਆਪਣੇ ਜਿਲਾ ਅਤੇ ਸਭ ਤੋਂ ਹੇਠਲੀ ਪੱਧਰ ਦੇ ਯੂਨਿਟਾਂ ਨੂੰ ਵਿਸ਼ੇਸ਼ ਹਦਾਇਤ ਦਿੱਤੀ ਹੈ ਕਿ ਪਾਰਟੀ ਸਿਰਫ ਸਿੱਖ ਨੇਤਾ ਅਤੇ ਕਾਰਕਰਤਾ ਹੋਰ ਸਿੱਖ ਸਾਥੀਆਂ ਨੂੰ ਲੈਕੇ ਵੱਡੀ ਪੱਧਰ ਤੇ ਪਾਠ ਵਿੱਚ ਸ਼ਾਮਿਲ ਹੋਣ ਲਈ ਪਹੁੰਚਣ। ਭਾਂਵੇ ਇਹ ਨਹੀਂ ਦੱਸਿਆ ਗਿਆ ਕਿ ਇਹ ਪਾਠ ਕਿਸ ਸੰਧਰਭ ਵਿੱਚ ਰੱਖਿਆ ਜਾ ਰਿਹਾ ਹੈ,ਪਰ ਟਾਂਵੇਂ ਟਾਂਵੇਂ ਨੇਤਾ ਨੂੰ ਇਹ ਜਾਣਕਾਰੀ ਹੈ ਕਿ ਕੁਝ ਵੱਡੀ ਪੱਧਰ ਦੀਆਂ ਮੀਟਿੰਗਾਂ ਲਈ ਕੇਂਦਰੀ ਲੀਡਰਸ਼ਿਪ ਆ ਰਹੀ ਹੈ। ਐਸਾ ਪਹਿਲੀ ਵਾਰ ਹੋ ਰਿਹਾ ਹੈ ਕਿ ਸਿਰਫ ਸਿੱਖ ਆਗੂਆਂ ਅਤੇ ਕਾਰਜਕਰਤਾਵਾਂ ਨੂੰ ਵੱਡੀ ਗਿਣਤੀ ਵਿੱਚ ਆਪਣੇ ਸਿੱਖ ਸੱਜਣਾ।ਮਿੱਤਰਾ ਨੂੰ ਲੈਕੇ ਪਹੁੰਚਣ ਲਈ ਕਿਹਾ ਗਿਆ। ਇਹਨਾਂ ਮੀਟਿੰਗਾਂ ਬਾਰੇ ਗਰੇਵਾਲ ਨੇ ਵੀ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਹੈ।

ਜਾਣਕਾਰੀ ਮਿਲ ਰਹੀ ਹੈ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦੇ ਮੁੰਡੇ ਵਲੋਂ ਕਥਿਤ ਤੌਰ ਤੇ ਯੂ ਪੀ ਦੇ ਲਖੀਮਪੁਰ ਖੀਰੀ ਵਿਖੇ ਅੰਦੋਲਨ ਕਾਰੀ ਕਿਸਾਨਾਂ ਨੂੰ ਜੀਪ ਆਦਿ ਥੱਲੇ ਮਿਦੱ ਕੇ ਮਾਰ ਦੇਣ ਤੋਂ ਬਾਅਦ,  ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਸਾਲ ਭਰ ਤੋਂ  ਦਿੱਲੀ ਬਾਰਡਰ ਤੇ ਜਾਰੀ ਕਿਸਾਨ ਅੰਦੋਲਨ ਵਾਲੀ ਥਾਂ ਤੇ ਕਥਿਤ ਰੂਪ ਵਿੱਚ ਧਾਰਮਿਕ ਪੋਥੀ ਦੀ ਬੇਅਦਬੀ ਤੇ ਨਿਹੰਗ ਸਿੰਘਾਂ ਵੱਲੋਂ  ਆਪ ਮੁਹਾਰੇ ਅਨੁਸੂਚਿਤ ਜਾਤੀ ਦੇ ਇੱਕ ਗਰੀਬ ਵਿਅਕਤੀ ਨੂੰ ਖੌਫਨਾਕ ਮੌਤ ਦੀ ਸਜਾ ਦੇਣ ਤੋਂ ਬਾਅਦ ਪੈਦਾ ਹੋ ਰਹੇ ਹਾਲਾਤਾਂ ਨੇ ਕਿਸਾਨ ਅੰਦੋਲਨ ਬਾਰੇ ਕੇਂਦਰ ਸਰਕਾਰ ਨੂੰ ਝੰਜੋੜਿਆ ਹੈ। ਯੂ ਪੀ  ਅਤੇ ਪੰਜਾਬ ਸਹਿਤ ਪੰਜ ਸੂਬਿਆਂ ਦੀ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਲਈ ਸਭ ਤੋਂ ਅਹਿਮ ਯੂ ਪੀ ਦੀ ਚੋਣ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਤੇ ਪੈ ਰਹੇ ਨਾ ਪੱਖੀ ਪ੍ਰਭਾਵ ਨੇ ਕੇਂਦਰ ਸਰਕਾਰ ਅਤੇ ਸੱਤਾਧਾਰੀ ਭਾਜਪਾ ਨੂੰ ਗਹਿਰਾਈ ਨਾਲ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਯੂ ਪੀ ਦੇ ਵੱਡੇ  ਰਾਸ਼ਟਰੀ ਕਿਸਾਨ ਨੇਤਾ ਅਤੇ ਕਿਸਾਨ ਅੰਦੋਲਨ ਦੀ ਪਹਿਲੀ ਕਤਾਰ ਦੇ ਨੇਤਾ ਰਾਕੇਸ਼ ਟਿਕੈਤ ਨੇ ਤਾਂ  ਸਾਫ ਤੌਰ ਤੇ ਯੂ ਪੀ ਚੋਣਾਂ ਵਿੱਚ ਭਾਜਪਾ ਦੇ ਵਿਰੋਧ ਦਾ ਹੌਕਾ ਦਿੱਤਾ ਹੈ। ਬੰਗਾਲ ਵਿੱਚ ਵੀ ਕਿਸਾਨਾਂ ਇਸ ਹੌਕੇ ਕਾਰਣ ਭਾਜਪਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ।

ਇਹ ਜਾਣਕਾਰੀ ਵੀ ਸੂਤਰਾਂ ਤੋਂ ਮਿਲ ਰਹੀ ਹੈ ਕਿ ਕਿਸਾਨ ਅੰਦੋਲਨ ਦੇ ਸੁਖਾਂਵੇ ਹੱਲ ਦੇ ਨਾਲ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਿਲ ਹੋਣਗੇ। ਸੂਤਰ ਦਸਦੇ ਹਨ ਕਿ ਭਾਜਪਾ ਦੇ ਚੋਣ ਮਾਹਰਾਂ ਦਾ ਮੰਨਣਾ ਹੈ ਕਿ  ਅਲਗ ਪਾਰਟੀ ਬਣਨ ਦੀ ਸੂਰਤ ਵਿੱਚ ਲਾਭ ਭਾਜਪਾ ਦੇ ਪ੍ਰਤੱਖ ਅਪ੍ਰਤੱਖ ਸਿਆਸੀ ਸਹਿਯੋਗੀਆਂ ਨੂੰ ਨੁਕਸਾਨ ਹੋਵੇਗਾ ਅਤੇ ਉਸਦੇ ਭਾਜਪਾ ਵਿੱਚ ਸਿੱਧੇ ਸ਼ਾਮਲ ਹੋਣ ਦੀ ਸੂਰਤ ਵਿੱਚ ਭਾਜਪਾ ਨੂੰ ਪੰਜਾਬ ਵਿੱਚ ਇੱਕ ਵੱਡਾ ਰਾਸ਼ਟਰਵਾਦੀ ਪਹਿਚਾਣ ਵਾਲਾ ਸਿੱਖ ਚਿਹਰਾ ਅਤੇ ਉਹਨਾਂ ਦੇ ਸਮਰਥਕਾਂ ਦਾ ਲਾਭ ਸਾਫ ਤੌਰ ਤੇ ਮਿਲੇਗਾ। ਦਸ ਦਈਏ ਕਿ ਕੈਪਟਨ ਅਮਰਿੰਦਰ ਜਿੱਥੇ ਪੰਜਾਬ ਵਿੱਚ ਬੀ ਐਸ ਐਫ ਦਾ ਹੱਕੀ ਖੇਤਰ ਵਧਾਏ ਜਾਣ ਦੇ ਕੇਂਦਰੀ ਫੈਸਲੇ ਨੂੰ ਹੋਰ ਦਲਾਂ ਦੇ ਉਲਟ ਰਾਸ਼ਟਰੀ ਸੁਰੱਖਿਆ ਦੇ ਹੱਕ ਵਿੱਚ ਪ੍ਰਚਾਰਤ ਕਰ ਰਹੇ ਹਨ ਉੱਥੇ ਕਿਸਾਨ ਅੰਦੋਲਨ ਨੂੰ ਪੰਜਾਬ ਦੇ ਮੁਖਮੰਤਰੀ ਹੁੰਦਿਆਂ ਵੀ ਸ਼ੁਰੂ ਤੋਂ ਹੀ ਖੁਲਾ ਅਤੇ ਛੁਪਿਆ ਹੋਈਆਂ ਸਮਰਥਨ ਦਿੰਦੇ ਆਏ ਹਨ।

ਸੂਤਰ ਦਸਦੇ ਹਨ ਕਿ ਪਾਕਿਸਤਾਨੀ ਮਹਿਲਾ ਪੱਤਰਕਾਰ ਜਿਸ ਨੂੰ ਕਿ ਕੈਪਟਨ ਖੁੱਲ੍ਹੇ ਤੌਰ ਤੇ ਆਪਣੀ ਮਿੱਤਰ ਮੰਨਦੇ ਆਏ ਹਨ ਨੂੰ ਲੈਕੇ ਕਾਂਗਰਸ ਵਲੋਂ ਚੁੱਕੇ ਗਏ ਸਵਾਲਾਂ ਦੀ ਵਜ੍ਹਾ ਨਾਲ ਕੈਪਟਨ।ਨੂੰ ਪਹਿਲਾਂ ਛੇਤੀ ਛੇਤੀ ਭਾਜਪਾ ਵਿੱਚ ਲਿਆਉਣ ਤੋਂ ਪਾਰਟੀ ਗੁਰੇਜ ਕਰ ਰਹੀ ਸੀ ,ਪਰ ਹੁਣ ਅਰੂਸਾ ਆਲਮ ਦੇ ਜਵਾਬੀ ਹਮਲੇ ਵਿੱਚ ਉਸਦੇ ਫੋਟੋ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਸਹਿਤ ਭਾਰਤ ਦੀਆਂ ਹੋਰ ਸ਼ਖ਼ਸੀਅਤਾਂ ਨਾਲ ਮੀਡੀਆ ਵਿੱਚ ਨਸ਼ਰ ਹੋਣ ਤੋਂ ਬਾਦ ਕੈਪਟਨ ਦੀ ਸਾਖ ਬਹਾਲ ਹੁੰਦੀ ਦਿਸ ਰਹੀ ਹੈ। ਇਸ ਲਈ ਐਨ ਮੌਕੇ ਸਿਰ ਕੈਪਟਨ ਦੇ ਨਵੀ ਪਾਰਟੀ ਬਣਾਉਣ ਨੂੰ ਹੱਲੇ ਰੋਕ ਲਿਆ ਗਿਆ ਹੈ, ਭਾਂਵੇ ਇਹ ਸਵਾਲ ਹੱਲੇ ਬਰਕਰਾਰ ਹੈ ਕਿ ਅਰੂਸਾ ਆਲਮ ਜਿਸ ਨੂੰ ਹੁਣ ਕਾਂਗਰਸ ਆਗੂ ਹੀ ਪਾਕਿਸਤਾਨੀ ਖੁਫੀਆ ਏਜੰਸੀ ਦੀ ਸੂਹੀਆ ਗਰਦਾਨ ਰਹੇ ਹਨ ਓਹ ਪਿਛਲੇ ਡੇਢ ਦਹਾਕੇ ਤੋਂ ਲਗਾਤਾਰ ਭਾਰਤ ਦੇ ਸਿਆਸੀ ਅਤੇ ਸਰਕਾਰੀ ਅਹਿਮ ਗਲਿਆਰਿਆਂ ਵਿੱਚ ਕਿਉਂ ਅਤੇ ਕਿਸ ਸਬੱਬ ਨਾਲ ਵਿਚਰਦੀ ਆ ਰਹੀ ਹੈ। ਅੱਜ ਤੋਂ ਪਹਿਲਾਂ ਤੱਕ ਇਹੋ ਮੰਨਿਆ ਜਾ ਰਿਹਾ ਸੀ ਕਿ ਅਰੂਸਾ ਦਾ ਕਿੱਸਾ ਕੈਪਟਨ ਦੇ ਭਾਜਪਾ ਵਿੱਚ ਜਾਣ ਵਿੱਚ ਰੋੜਾ ਬਣਿਆ ਰਹੇਗਾ ਪਰ ਹੁਣ ਅਰੂਸਾ ਵਲੋਂ ਭਾਰਤੀ ਮੀਡਿਆ ਸਾਧਨਾ ਰਾਹੀਂ ਰੱਖੀ ਗਈ ਉਸਦੀ ਗੱਲ ਤੋਂ ਬਾਅਦ ਹਾਲਾਤ ਕੁਝ ਬਦਲੇ ਹਨ। ਕੈਪਟਨ ਅਮਰਿੰਦਰ  ਨੇ ਵੀ ਅੱਜ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਦੇ ਇਸ ਵਿਸ਼ੇ ਤੇ ਸਵਾਲਾਂ ਦਾ ਦਿਲ।ਖੋਲ੍ਹ ਕੇ ਜਵਾਬ ਦਿੱਤਾ ਹੈ।

 

You May Also Like