*ਯੋਗ ਉਮੀਦਵਾਰ ਹੁਣ 31 ਦਸੰਬਰ ਤੱਕ ਭੇਜ ਸਕਦੇ ਨੇ ਪ੍ਰਤੀ ਬੇਨਤੀਆਂ
ਜਲੰਧਰ, ਮੈਟਰੋ ਬਿਊਰੋ
ਪੰਜਾਬ ਸਰਕਾਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਸਾਲ 2021-22 ਲਈ ਯੋਗ ਉਮੀਦਵਾਰਾਂ ਤੋਂ 30 ਨਵੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ, ਜਿਸ ਦੀ ਅੰਤਿਮ ਤਰੀਕ ਵਿੱਚ 31 ਦਸੰਬਰ 2022 ਤੱਕ ਵਾਧਾ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਯੁਵਕ ਗਤੀਵਿਧੀਆਂ ਵਿੱਚ ਉੱਘਾ ਤੇ ਸ਼ਲਾਘਾਯੋਗ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਇਸ ਪੁਰਸਕਾਰ ਲਈ ਚੁਣੇ ਗਏ ਨੌਜਵਾਨਾਂ ਨੂੰ ਇਕ ਮੈਡਲ, ਸਕਰੌਲ ਸਰਟੀਫਿਕੇਟ ਅਤੇ 51 ਹਜ਼ਾਰ ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਪੁਰਸਕਾਰ ਲਈ ਅਜਿਹੇ ਨੌਜਵਾਨ ਯੋਗ ਹਨ, ਜੋ ਪਿਛਲੇ ਸਾਲਾਂ ਤੋਂ ਵੱਖ-ਵੱਖ ਯੁਵਕ ਗਤੀਵਿਧੀਆਂ ਜਿਵੇਂ ਯੁਵਕ ਭਲਾਈ ਗਤੀਵਿਧੀਆਂ, ਕੌਮੀ ਸੇਵਾ ਯੋਜਨਾ, ਐਨ.ਸੀ.ਸੀ., ਸੱਭਿਆਚਾਰਕ ਗਤੀਵਿਧੀਆਂ, ਪਰਵਤ ਰੋਹਣ, ਹਾਈਕਿੰਗ-ਟਰੈਕਿੰਗ, ਖੇਡਾਂ, ਸਮਾਜ ਸੇਵਾ, ਰਾਸ਼ਟਰੀ ਏਕਤਾ, ਖੂਨਦਾਨ, ਨਸ਼ਿਆਂ ਵਿਰੁੱਧ ਜਾਗਰੂਕਤਾ, ਵਿੱਦਿਅਕ ਯੋਗਤਾ, ਬਹਾਦਰੀ ਦੇ ਕਾਰਨਾਮੇ, ਸਕਾਊਟਿੰਗ ਅਤੇ ਗਾਈਡਿੰਗ ਅਤੇ ਸਾਹਸੀ ਗਤੀਵਿਧੀਆਂ ਆਦਿ ਵਿੱਚ ਹਿੱਸਾ ਲੈਂਦੇ ਰਹੇ ਹੋਣ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਇਹ ਪੁਰਸਕਾਰ ਸਿਰਫ਼ ਪੰਜਾਬ ਦੇ ਨੌਜਵਾਨਾਂ ਲਈ ਹੈ ਅਤੇ ਉਮੀਦਵਾਰ ਦੀ ਉਮਰ ਮਿਤੀ 31 ਮਾਰਚ 2022 ਨੂੰ 15 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਉਮੀਦਵਾਰ ਯੁਵਕ ਭਲਾਈ ਗਤੀਵਿਧੀਆਂ/ਸਮਾਜ ਸੇਵਾ ਵਿੱਚ ਸ਼ਾਮਲ ਹੁੰਦਾ ਰਿਹਾ ਹੋਵੇ ਤੇ ਪੁਰਸਕਾਰ ਪ੍ਰਾਪਤ ਹੋਣ ਉਪਰੰਤ ਵੀ ਦੋ ਸਾਲ ਬਾਅਦ ਇਨ੍ਹਾਂ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਇਛੁੱਕ ਹੋਵੇ ਅਤੇ ਗਤੀਵਿਧੀਆਂ/ਸਮਾਜ ਸੇਵਾ ਅਤੇ ਨੌਜਵਾਨਾਂ ਦੇ ਵਿਕਾਸ ਵਿੱਚ ਸਹਾਈ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪੁਰਸਕਾਰ ਲਈ ਚੋਣ ਨੌਜਵਾਨ ਦੀ ਸਮਾਜ ਸੁਧਾਰ ਵਿੱਚ ਅਸਲ ਇੱਛਾ ਅਤੇ ਪ੍ਰਤੀਨਿਧਤਾ ਦੇ ਆਧਾਰ ’ਤੇ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੋਗ ਉਮੀਦਵਾਰ ਆਪਣੀਆਂ ਅਰਜ਼ੀਆਂ ਅਤੇ ਪ੍ਰਾਪਤੀਆਂ ਸਬੰਧੀ ਆਪਣੀ ਪ੍ਰਤੀ-ਬੇਨਤੀ (ਦਸਤਾਵੇਜ਼) ਦੀ ਫਾਈਲ ਜ਼ਿਲ੍ਹੇ ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਦੇ ਦਫ਼ਤਰ, ਯੂਥ ਹੋਸਟਲ ਬਰਲਟਨ ਪਾਰਕ ਵਿਖੇ 31 ਦਸੰਬਰ 2022 ਤੱਕ ਭੇਜ ਸਕਦੇ ਹਨ।