*ਚੋਰ ਮੋਰੀਆਂ ਰੋਕ ਕੇ ਹੀ 38500 ਕਰੋੜ ਰੁਪਏ ਬਚਾਅ ਸਕਦੀ ਹੈ ਸਰਕਾਰ- ਡਾ: ਘੁੰਮਣ
*ਕਰਜ਼ਾ ਹੋਰ ਨਾ ਚੜ੍ਹੇ ਇਸ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਲੋੜ
ਲੋਕਾਂ ਨੂੰ ਵੀ ਸਰਕਾਰ ਦੀ ਪਹਿਰੇਦਾਰੀ ਕਰਨ ਦਾ ਸੱਦਾ
ਜਲੰਧਰ/ਮੈਟਰੋ ਬਿਊਰੋ
ਮੀਡੀਆ ਮੰਚ ਪੰਜਾਬ ਅਤੇ ਲੋਕ ਮੰਚ ਪੰਜਾਬ ਵੱਲੋਂ ‘ਨਵੀਂ ਬਣੀ ਸਰਕਾਰ ਦੀਆਂ ਤਰਜੀਹਾਂ ਕੀ ਹੋਣ’ ? ਵਿਸ਼ੇ ‘ਤੇ ਕਰਵਾਏ ਗਏ ਸਾਂਝੇ ਸੈਮੀਨਾਰ ਦੌਰਾਨ ਮੁੱਖ ਬੁਲਾਰੇ ਪ੍ਰਸਿੱਧ ਅਰਥ ਸ਼ਾਸਤਰੀ ਡਾ: ਰਣਜੀਤ ਸਿੰਘ ਘੁੰਮਣ ਨੇ ਕਿਹਾ ਕਿ ਸਰਕਾਰ ਚੋਰ ਮੋਰੀਆਂ ਰੋਕ ਕੇ ਹੀ ਸਾਲਾਨਾ 38500 ਕਰੋੜ ਰੁਪਏ ਦਾ ਵਾਧੂ ਮਾਲੀਆ ਕਮਾ ਕੇ ਪੰਜਾਬ ‘ਤੇ ਵੱਧ ਰਹੇ ਕਰਜੇ ਦੀ ਰਫ਼ਤਾਰ ਰੋਕ ਸਕਦੀ ਹੈ।
ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣੀ ਪੰਜਾਬ ਸਰਕਾਰ ਦੀ ਤਰਜੀਹ ਇਹ ਹੋਣੀ ਚਾਹੀਦੀ ਹੈ ਕਿ ਪੰਜਾਬ ਸਿਰ ਹੋਰ ਕਰਜ਼ਾ ਨਾ ਚੜ੍ਹੇ ਤੇ ਪਹਿਲਾਂ ਚੜ੍ਹੇ ਕਰਜ਼ੇ ਨੂੰ ਉਤਾਰਨ ਲਈ ਸੂਬੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ।ਪੰਜਾਬ ਪ੍ਰੈਸ ਕਲੱਬ ਵਿੱਚ ਕਰਵਾਏ ਗਏ ਇਸ ਸੈਮੀਨਾਰ ਵਿੱਚ ਡਾ: ਰਣਜੀਤ ਸਿੰਘ ਘੁੰਮਣ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਜਿੱਥੇ ਮੁਫ਼ਤ ਵਾਲੀਆਂ ਸਕੀਮਾਂ ਸਿਰਫ ਉਨ੍ਹਾਂ ਲੋੜਵੰਦਾਂ ਲੋਕਾਂ ਨੂੰ ਹੀ ਦਿੱਤੀਆਂ ਜਾਣ ਜਿੰਨ੍ਹਾਂ ਨੂੰ ਸੱਚਮੁਚ ਇੰਨ੍ਹਾਂ ਸਹੂਲਤਾਂ ਦੀ ਲੋੜ ਹੁੰਦੀ ਹੈ।
ਡਾ: ਰਣਜੀਤ ਸਿੰਘ ਘੁੰਮਣ ਨੇ ਆਪਣਾ ਭਾਸ਼ਣ ਸ਼ੁਰੂ ਕਰਦਿਆ ਹੀ ਇਹ ਸਵਾਲ ਕੀਤਾ ਕਿ ਨਵੀਂ ਬਣੀ ਸਰਕਾਰ ਅੱਗੇ ਇਹੋ ਹੀ ਸਭ ਤੋਂ ਵੱਡੀ ਚਣੌਤੀ ਹੈ ਕਿ ਉਹ ਪੰਜਾਬ ਨੂੰ ਬਣਾਉਣਾ ਕੀ ਚਹੁੰਦੇ ਹਨ ? ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਮੰਗਤੇ ਬਣਾਉਣਾ ਹੈ ਜਾਂ ਫਿਰ ਸਵੈ-ਨਿਰਭਰ ਤੇ ਦਾਨੀ ਬਣਾਉਣਾ ਹੈ।ਉਨ੍ਹਾਂ ਕਿਹਾ ਵੋਟਾਂ ਲੈਣ ਦੀ ਖਾਤਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਬਹੁਤ ਵੱਡੇ -ਵੱਡੇ ਵਾਅਦੇ ਕੀਤੇ ਸਨ ਜਿੰਨ੍ਹਾਂ ਵਿੱਚ ਆਮ ਆਦਮੀ ਪਾਰਟੀ ਵੀ ਸ਼ਾਮਿਲ ਸੀ ਪਰ ਕਿਸੇ ਵੀ ਰਾਜਨੀਤਿਕ ਪਾਰਟੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਸੀ ਕੀਤਾ ਕਿ ਐਲਾਨੇ ਵਾਅਦੇ ਪੂਰੇ ਕਰਨ ਲਈ ਆਮਦਨ ਦੇ ਸਾਧਨ ਕਿਥੋਂ ਲਿਆਉਣੇ ਹਨ?
ਡਾ: ਘੁੰਮਣ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਪੱਧਰ ‘ਤੇ ਨੌਜਵਾਨ ਬੇਰੁਜ਼ਗਾਰ ਹਨ ਜਦੋਂ ਤੱਕ ਉਨ੍ਹਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਹੁੰਦੇ ਤਾਂ ਸੂਬੇ ਵਿੱਚੋਂ ਨਾ ਤਾਂ ਪਰਵਾਸ ਰੇਕੇਗਾ ਤੇ ਨਾ ਹੀ ਨਸ਼ਿਆਂ ਦਾ ਖਾਤਮਾ ਹੋਵੇਗਾ।ਉਨ੍ਹਾ ਕਿਹਾ ਕਿ ਬਹੁਤ ਸਾਰੇ ਅਜਿਹੇ ਕੰਮ ਹਨ ਜਿਸ ‘ਤੇ ਜੇਕਰ ਸਰਕਾਰ ਧਿਆਨ ਦੇਵੇ ਤਾਂ 38500 ਕਰੋੜ ਰੁਪਏ ਸਲਾਨਾ ਸਰਕਾਰੀ ਖਜ਼ਾਨੇ ਵਿੱਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਹਰ ਸਾਲ 1500 ਕਰੋਭ ਦੀ ਬਿਜਲੀ ਚੋਰੀ ਹੁੰਦੀ ਹੈ।ਇਸੇ ਤਰ੍ਹਾਂ 9000 ਕਰੋੜ ਦੀ ਜੀਐਸਟੀ ਵਿੱਚ ਹੇਰਾਫੇਰੀ ਹੁੰਦੀ ਹੈ। ਸਮਾਜ ਭਾਲਈ ਦੀਆਂ ਸਕੀਮਾਂ ਵਿੱਚ 1000 ਕਰੋੜ ਦੀ ਹੇਰਾਫੇਰੀ ਹੋ ਰਹੀ ਹੈ। ਟਰਾਂਸਪੋਰਟ ਖੇਤਰ ਵਿੱਚ 2500 ਕਰੋੜ ਦੀ ਠੱਗੀ ਵੱਜ ਰਹੀ ਹੈ। ਇਹ ਸਾਰੀ ਰਕਮ 38500 ਕਰੋੜ ਦੀ ਬਣ ਜਾਂਦੀ ਹੈ।ਇਸ ਰਕਮ ਨਾਲ ਪੰਜਾਬ ਸਰਕਾਰ ਆਪਣੇ ਸਕੂਲ ਤੇ ਸਿਹਤ ਸਹੂਲਤਾਂ ਠੀਕ ਕਰ ਸਕਦੀ ਹੈ।
ਇਸ ਮੌਕੇ ਮੀਡੀਆ ਮੰਚ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਜਨਰਲ ਸਕੱਤਰ ਰਾਕੇਸ਼ ਸ਼ਾਂਤੀਦੂਤ ਨੇ ਕਿਹਾ ਕਿ ਨਵੀਂ ਬਣੀ ਸਰਕਾਰ ‘ਤੇ ਲੋਕਾਂ ਨੂੰ ਵੀ ਪਹਿਰੇਦਾਰੀ ਕਰਨ ਦੀ ਲੋੜ ਹੈ। ਇਸ ਮੌਕੇ ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾ: ਲਖਵਿੰਦਰ ਸਿੰਘ ਜੌਹਲ ਨੇ ਡਾ: ਰਣਜੀਤ ਸਿੰਘ ਘੁੰਮਣ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ‘ਤੇ ਲਿਆਉਣ ਲਈ ਸਾਰੇ ਪੰਜਾਬੀਆਂ ਨੂੰ ਹੀ ਇਸ ਵਿੱਚ ਸਹਿਯੋਗ ਦੇਣਾ ਪੈਣਾ ਹੈ। ਇਸ ਮੌਕੇ ਦੇਸ ਪੰਜਾਬ ਦੇ ਸਾਬਕਾ ਸੰਪਾਦਕ ਗੁਰਬਚਨ ਸਿੰਘ, ਸੀਨੀਅਰ ਪੱਤਰਕਾਰ ਜੋਗਿੰਦਰ ਸਿੰਘ ਸੰਧੂ, ਮਨੋਜ ਤ੍ਰਿਪਾਠੀ ਅਰਜੁਨ ਸ਼ਰਮਾ, ਪਾਲ ਸਿੰਘ ਨੌਲੀ, ਦਲਜੀਤ ਅਜਨੋਹਾ, ਅਸ਼ੋਕ ਅਨੁਜ, ਰਾਜੀਵ ਵਧਵਾ ਤੇ ਹੋਰ ਪਤਰਕਾਰਾਂ ਤੋਂ ਅਲਾਵਾ ਪੱਤਰਕਾਰਤਾ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਵੀ ਸ਼ਾਮਿਲ ਹੋਏ।