*ਹੜ੍ਹ ਵਾਲੇ ਇਲਾਕੇ ’ਚ ਪਾਣੀ ਦਾ ਪੱਧਰ ਘੱਟਿਆ ਤੇ ਲੋਕਾਂ ਦੀਆਂ ਮੁਸੀਬਤਾ ਵਧੀਆਂ
ਰਾਹਤ ਕਾਰਜਾਂ ਵਿੱਚ ਤੇਜ਼ੀ ,ਹੜ੍ਹ ਦੇ ਪਾਣੀ ਵਿੱਚ ਘਿਰੇ ਲੋਕਾਂ ਨੇ ਪੀਣ ਵਾਲੇ ਪਾਣੀ ਦੀ ਕੀਤੀ ਸਭ ਤੋਂ ਵੱਡੀ ਮੰਗ
ਜਲੰਧਰ/ ਮੈਟਰੋ ਐਨਕਾਊਂਟਰ ਬਿਊਰੋ
ਜਿਲਾ ਜਲੰਧਰ ਦੇ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਭਾਂਵੇ ਸਿਆਸੀ ਲੋਕ ਰਾਹਤ ਮੁਹਿੰਮ ਨੂੰ ਬਿਹਤਰ ਵਿਵਸਥਾ ਦੀ ਜਿੰਮੇਵਾਰੀ ਨਿਭਾਉਣ ਨਾਲੋਂ ਵਧੇਰੇ ਸਵੈ ਪ੍ਰਚਾਰ ਦੀ ਇੱਛਾ ਨਾਲ ਸੇਵਾ ਵਿੱਚ ਲੱਗੇ ਪ੍ਰਚਾਰ ਸਾਧਨਾ ਲਈ ਆਪਣੀਆ ਵਿਲੱਖਣ ਤਸਵੀਰਾਂ ਖਿਚਵਾ ਰਹੇ ਹਨ ਪਰ ਅਸਲ ਵਿੱਚ ਰਾਹਤ ਮੋਰਚੇ ਤੇ ਸਰਕਾਰ ਨਾਲੋਂ ਕਿਤੇ ਜ਼ਿਆਦਾ ਸਮਾਜ ਦੀ ਹਿੱਸੇਦਾਰੀ ਦਿਸ ਰਹੀ ਹੈ। ਇਹ ਗੱਲ ਅੱਜ ਲੋਹੀਆਂ ਖੇਤਰ ਦੇ ਹੜ੍ਹ ਪੀੜਿਤ ਇਲਾਕੇ ਦੇ ਦੌਰੇ ਦੌਰਾਨ ਮੈਟਰੋ ਬਿਊਰੋ ਦੀ ਟੀਮ ਨੇ ਵੇਖੀ ਅਤੇ ਮਹਿਸੂਸ ਕੀਤੀ। ਭਾਂਵੇ ਪੰਜਾਬ ਪੁਲਿਸ ਅਤੇ ਡ੍ਰੇਨਜ ਵਿਭਾਗ ਦੇ ਅਫਸਰ ਅਤੇ ਕਰਮਚਾਰੀ ਵੀ ਰੁਝੇ ਹੋਏ ਹਨ ਪਰ ਉਹਨਾਂ ਦੀ ਭੂਮਿਕਾ ਸਰਕਾਰੀ ਸਹਿਯੋਗ ਤੇ ਨਿਰਭਰ ਹੈ ਜੋ ਜਮੀਨ ਤੇ ਬਹੁਤ ਘੱਟ ਦਿਸ ਰਹੀ ਹੈ। ਇਥੋਂ ਤਕ ਕਿ ਧੁੱਸੀ ਵਿੱਚ ਪਏ ਪਾੜਾ ਨੂੰ ਭਰਣ ਲਈ ਜੰਗੀ ਪੱਧਰ ਤੇ ਹੋ ਰਹੇ ਕੱਮ ਵਿੱਚ ਨਿਰਮਲ ਕੁਟੀਆ ਦੇ ਮੁਖੀ ਅਤੇ ਕੌਮਾਂਤਰੀ ਮਾਣ ਹਾਸਿਲ ਵਾਤਾਵਰਣ ਜ਼ੁਰਖਿਆ ਦੂਤ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸ਼ਰਧਾਲੂ ਵਲੰਟੀਅਰ ਵੱਡੀ ਗਿਣਤੀ ਵਿੱਚ ਬਾਬਾ ਜੀ ਦੇ ਨਾਲ ਡਟੇ ਹਨ। ਸੁਰੱਖਿਅਤ ਥਾਂਵਾਂ ਤੇ ਲਿਆਂਦੇ ਗਏ ਲੋਕਾਂ ਅਤੇ ਆਪਣੇ ਘਰ ਨਾ ਛੱਡਣ ਤੇ ਬਜਿਦ ਹੜ ਦੇ ਪਾਣੀ ਵਿੱਚ ਘਿਰੇ ਲੋਕਾਂ ਨੂੰ ਪੀਣ ਦਾ ਸਾਫ ਬੋਤਲ ਬੰਦ ਪਾਣੀ ਅਤੇ ਲੰਗਰ ਆਦਿ ਖੁਦ ਸੰਤ ਸੀਚੇਵਾਲ ਜਿੱਥੇ ਆਪਣੇ ਵਲੰਟੀਅਰਾਂ ਦੇ ਨਾਲ ਕਿਸ਼ਤੀਆਂ ਦੇ ਜਰੀਏ ਪਹੁੰਚਾ ਰਹੇ ਹਨ ਉਥੇ ਹੀ ਸ਼ਿਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ, ਸਾਮਾਜਿਕ ਆਰਮੀ, ਆਸ਼ਾ ਚੇਰੀਟੇਬਲ ਟ੍ਰਸ੍ਟ ਆਦਿ ਸੰਸਥਾਵਾਂ ਵੀ ਲੰਗਰ, ਕੱਪੜੇ, ਦਵਾਈਆਂ ਆਦਿ ਮੁਹਈਆ ਕਰਵਾਉਣ ਲਈ ਮੌਕੇ ਤੇ ਸੇਵਾ ਧਰਮ ਨਿਭਾ ਰਹੀਆਂ ਹਨ। ਪੰਜਾਬ ਪੁਲਿਸ ਦੀ ਡਿਸਾਸਟਰ ਹੈਲਪ ਟੀਮ ਵੀ ਤਾਇਨਾਤ ਹੈ।
ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੋ ਥਾਵਾਂ ਤੋਂ ਟੁੱਟਣ ਨਾਲ ਆਏ ਹੜ੍ਹ ਨੇ ਇਲਾਕੇ ਭਰ ਵਿੱਚ ਭਾਰੀ ਤਬਾਹੀ ਮਚਾਈ ਹੋਈ ਹੈ।ਪਾਣੀ ਦਾ ਪੱਧਰ ਭਾਵੇਂ ਘੱਟ ਗਿਆ ਹੈ ਪਰ ਲੋਕਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ।ਲੋਹੀਆਂ ਇਲਾਕੇ ਦੇ ਜਿਹੜੇ ਦੋ ਦਰਜਨ ਤੋ ਵੱਧ ਪਿੰਡਾਂ ਦੁਆਲੇ ਹੜ੍ਹ ਦਾ ਪਾਣੀ ਹੀ ਪਾਣੀ ਹੈ ਨਜ਼ਰ ਆ ਰਿਹਾ ਹੈ ਉਥੇ ਹੁਣ ਪੀਣ ਵਾਲੇ ਪਾਣੀ ਦਾ ਵੱਡਾ ਸੰਕਟ ਖੜਾ ਹੋ ਗਿਆ ਹੈ।ਲੋਕਾਂ ਨੂੰ ਦਵਾਈਆਂ,ਮੱਛਰਦਾਨੀਆਂ,ਤਰਪਾਲਾਂ ਆਦਿ ਦੀ ਸਖ਼ਤ ਲੋੜ ਪੈ ਰਹੀ ਹੈ।ਹੜ੍ਹ ਵਿੱਚ ਘਿਰੇ ਪਿੰਡਾਂ ਦੇ ਬਹੁਤ ਸਾਰੇ ਲੋਕਾਂ ਨੇ ਅਜੇ ਵੀ ਆਪਣਾ ਘਰ ਨਹੀਂ ਛੱਡਿਆ।ਪਾਣੀ ਵਿੱਚ ਫਸੇ ਲੋਕਾਂ ਵਿੱਚ ਔਰਤਾਂ ਅਤੇ ਬੱਚਿਆਂ ਦੀਆਂ ਆਪਣੀਆਂ ਵੱਖਰੀ ਤਰ੍ਹਾਂ ਦੀਆਂ ਸਮਸਿਆਵਾਂ ਹਨ ਜਿਧਰ ਅਜੇ ਪ੍ਰਸ਼ਾਸ਼ਨ ਦਾ ਧਿਆਨ ਤੱਕ ਨਹੀਂ ਗਿਆ।
ਡਰੇਨਜ਼ ਵਿਭਾਗ ਦੇ ਐਕਸੀਅਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਰੋਪੜ ਤੋਂ 20 ਹਾਜ਼ਾਰ ਕਿਊਸਿਕ,ਫਿਲੌਰ ਤੋਂ 27 ਹਾਜ਼ਰ ਕਿਊਸਿਕ ਅਤੇ ਗਿੱਦੜਪਿੰਡੀ ਰੇਲਵੇ ਪੁਲ ਹੇਠੋਂ 88 ਹਾਜ਼ਾਰ ਕਿਊਸਿਕ ਦੇ ਕਰੀਬ ਪਾਣੀ ਵੱਗ ਰਿਹਾ ਹੈ।ਲੋਕਾਂ ਨੇ ਦੱਸਿਆ ਕਿ ਹੜ੍ਹ ਦਾ ਪਾਣੀ ਤਿੰਨ ਤੋਂ ਚਾਰ ਫੁੱਟ ਤੱਕ ਘਟ ਗਿਆ ਹੈ।
ਉਧਰ ਰਾਹਤ ਕਾਰਜਾਂ ਵਿੱਚ ਜੁੱਟੇ ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅੱਜ ਸਵੇਰੇ ਤੋਂ ਸਾਰਾ ਦਿਨ ਕਿਸ਼ਤੀ ਰਾਹੀ ਪੀਣ ਵਾਲੇ ਪਾਣੀ ਦੀਆਂ ਬੋਤਲਾਂ, ਲੰਗਰ, ਪੀਣ ਵਾਲਾ ਪਾਣੀ ਅਤੇ ਦਵਾਈਆਂ ਆਦਿ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਾਉਂਦੇ ਰਹੇ। ਸੰਤ ਸੀਚੇਵਾਲ ਦੇ ਸੇਵਾਦਾਰਾਂ ਦੋ ਹੋਰ ਟੀਮਾਂ ਕਿਸ਼ਤੀਆਂ ਰਾਹੀ ਰਾਹਤ ਸਮੱਗਰੀਆਂ ਪਹੁੰਚਦੀਆਂ ਰਹੀਆਂ ਉੱਥੇ ਹੀ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਕਾਰਜ ਨਿਰੰਤਰ ਕਰਦੀਆਂ ਰਹੀਆਂ।
ਸਤਲੁਜ ਦਰਿਆ ਦੇ ਧੁੱਸੀ ਬੰਂਨ੍ਹ ਵਿੱਚ ਪਹਿਲਾ ਪਾੜ ਮੰਡਾਲਾ ਛੰਨਾ ਨੇੜੇ ਪਿਆ ਸੀ। ਇਸ ਪਾੜ ਨੂੰ ਪੂਰਨ ਦਾ ਕੰਮ ਦੂਜੇ ਦਿਨ ਵੀ ਜੰਗੀ ਪੱਧਰ `ਤੇ ਜਾਰੀ ਰਿਹਾ ਹੈ। ਇਲਾਕੇ ਦੇ ਲੋਕ ਵਿੱਚ ਵੱਡੀ ਗਿਣਤੀ ਵਿੱਚ ਆ ਕੇ ਮਿੱਟੀ ਦੇ ਬੋਰੇ ਭਰਦੇ ਰਹੇ ਤੇ ਲੋਹੇ ਦੇ ਕਰੇਟ ਬਣਾ ਕੇ ਪਾੜ ਵਾਲੀ ਥਾਂ ਤੇ ਰਿੰਗ ਬੰਨ੍ਹ ਬਣਾਉਣ ਲਈ ਵਿੱਚ ਲੱਗੇ ਰਹੇ।
ਪਾਣੀ ਵਿੱਚ ਘਿਰੇ ਬਹੁਤ ਸਾਰੇ ਆਪਣੇ ਘਰਾਂ ਦੀਆਂ ਛੱਤਾਂ `ਤੇ ਬੈਠੇ ਹਨ ਤੇ ਉਨਾਂ ਨੇ ਆਪਣਾ ਸਾਰਾ ਸਮਾਨ ਵੀ ਛੱਤਾਂ `ਤੇ ਰੱਖਿਆ ਹੋਇਆ ਹੈ। ਲੋਕ ਨੂੰ ਘਰਾਂ ਦੀਆਂ ਛੱਤਾਂ `ਤੇ ਰਾਹਤ ਸਮੱਗਰੀ ਬਾਲਟੀਆਂ ਰਾਹੀ ਪਹੁੰਚਦੀ ਕੀਤੀ ਗਈ।
ਰਾਜ ਸਭਾ ਮੈਂਬਰ ਤੇ ਜਲੰਧਰ ਲੋਕ ਸਭਾ ਹਲਕੇ ਤੋਂ ਸ਼ੁਸ਼ੀਲ ਰਿੰਕੂ ਆਪ ਮਿੱਟੀ ਦੇ ਭਰੇ ਬੋਰੇ ਮੋਢਿਆ `ਤੇ ਚੁੱਕਦੇ ਰਹੇ ਤਾਂ ਜੋ ਬੋਰਿਆ ਨਾਲ ਕਰੇਟ ਬਣਾਏ ਜਾ ਸਕਣ ਜਿਹੜੇ ਕਿ ਰਿੰਗ ਬੰਨ੍ਹ ਬਣਾਉਣ ਲਈ ਵਰਤੇ ਜਾਣੇ ਹਨ। ਦੁਪਿਹਰੋਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਕੈਬਨਿਟ ਮੰਤਰੀ ਬਲਕਾਰ ਸਿੰਘ ਅਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਰਾਜਵਿੰਦਰ ਕੌਰ ਵੀ ਕਿਸ਼ਤੀ ਰਾਹੀ ਹੜ੍ਹ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚੀ।
ਸੰਤ ਸੀਚੇਵਾਲ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੀ ਸਹਾਇਤਾ ਵਿੱਚ ਪੰਜਾਬ ਸਰਕਾਰ ਕੋਈ ਵੀ ਕਸਰ ਬਾਕੀ ਨਹੀ ਛੱਡੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਨਾਲ ਪੈਦਾ ਹੋਈ ਸਥਿਤੀ ਤੇ ਪੂਰੀ ਨਜ਼ਰ ਰੱਖ ਰਹੇ ਹਨ। ਸੰਤ ਸੀਚੇਵਾਲ ਵੱਲੋਂ ਕਾਰਸੇਵਕਾਂ ਦੀ ਕਿਸ਼ਤੀਆਂ ਰਾਹੀ ਭੇਜੀ ਟੀਮ ਨੇ ਦੱਸਿਆ ਕਿ ਉਹਨਾਂ ਵੱਲੋਂ ਸਵੇਰੇ ਤੋਂ ਗੱਟਾ ਮੁੰਡੀ ਕਾਸੂ, ਲੱਖੂ ਦੀਆਂ ਛੰਨਾਂ, ਭਾਨੇਵਾਲ, ਚੱਕਮੰਡਾਲਾ, ਜਾਣੀਆ ਚਾਹਲ, ਮਰਾਜਵਾਲਾ ਆਦਿ ਪਿੰਡਾਂ ਵਿੱਚ ਰਾਹਤ ਸਮੱਗਰੀ ਤੇ ਪ੍ਰਸ਼ਾਦਾ ਪਹੁੰਚਾਇਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ 40 ਦੇ ਕਰੀਬ ਫਸੇ ਲੋਕਾਂ ਨੂੰ ਵੀ ਸੁਰੱਖਿਅਤ ਬਾਹਰ ਲਿਆਂਦਾ ਗਿਆ।
ਬੰਨ੍ਹ ਬੰਨ੍ਹਣ ਦੇ ਕੰਮ ਨੇ ਤਜ਼ਰਬੇਕਾਰ ਸੇਵਾਦਾਰਾਂ ਦੇ ਹਵਾਲੇ ਕੀਤਾ ਹੋਇਆ ਹੈ ਜਿਹੜੇ ਪਵਿੱਤਰ ਵੇਂਈ ਦੀ ਚੱਲੀ ਕਾਰਸੇਵਾ ਵਿੱਚ ਪਿਛਲੇ 23 ਸਾਲਾਂ ਤੋਂ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਇਹਨਾਂ ਸੇਵਾਦਾਰਾਂ ਵਿੱਚ ਸੰਤ ਸੁਖਜੀਤ ਸਿੰਘ, ਸੁਰਜੀਤ ਸਿੰਘ ਸ਼ੰੰਟੀ, ਗੁਰਦੀਪ ਸਿੰਘ ਗੋਗਾ, ਅਮਰੀਕ ਸਿੰਘ ਮੀਕਾ, ਸਤਨਾਮ ਸਿੰਘ ਸਾਧੀ, ਸੁਖਜੀਤ ਸਿੰਘ ਸੋਨੀ, ਤੀਰਥ ਸਿੰਘ ਹੁੰਦਲ, ਪਰਮਜੀਤ ਸਿੰਘ ਬੱਲ, ਪਰਮਜੀਤ ਸਿੰਘ ਸ਼ੇਰਪੁਰ, ਜਗਜੀਤ ਸਿੰਘ ਜੱਗੀ, ਤਜਿੰਦਰ ਸਿੰਘ, ਮਨਜੀਤ ਸਿੰਘ ਸੀਚੇਵਾਲ, ਹਰਦੀਪ ਸਿੰਘ ਟੀਟੂ, ਕਿੰਦਰ ਕੋਟਲਾ ਆਦਿ ਸ਼ਾਮਿਲ ਹਨ। ਇਸ ਵਿੱਚ ਜਿੱਥੇ ਸਮਾਜਿਕ ਸੇਵੀ ਜੱਥੇਬੰਦੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ ਉੱਥੇ ਹੀ ਸਿਹਤ ਸਹੂਲਤਾਂ ਲਈ ਸਿਹਤ ਵਿਭਾਗ ਵੱਲੋਂ ਕੈਂਪ ਲਗਾਇਆ ਗਿਆ। ਪੰਜਾਬ ਦੇ ਦੂਜੇ ਜਿਲ੍ਹਿਆਂ ਵਿੱਚੋਂ ਵੀ ਸਮਾਜ ਸੇਵੀ ਜੱਥੇਬੰਦੀਆਂ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦੀ ਮੱਦਦ ਲਈ ਆਈਆਂ ਹੋਈਆਂ ਸਨ।
ਸੰਤ ਬਾਬਾ ਸੀਚੇਵਾਲ ਧੁੱਸੀ ਚ ਆਈ ਦਰਾਰ ਨੂੰ ਭਰਨ ਲਈ ਮੰਗਲਵਾਰ ਦੀ ਰਾਤ ਤੋਂ ਜੁਟੇ ਹੋਏ ਹਨ ਇਹ ਕੱਮ ਅੱਜ ਰਾਤ ਵੀ ਜਾਰੀ ਸੀ।
******************************************
ਐਨਡੀਐਫਆਰ ਦੀਆਂ ਟੀਮਾਂ ਵੀ ਲਗਾਤਾਰ ਦੂਜੇ ਦਿਨ ਲੋਕਾਂ ਨੂੰ ਘਰਾਂ ਵਿੱਚੋਂ ਬਾਹਰ ਲਿਆਉਣ ਦੇ ਕੰਮ ਵਿੱਚ ਜੁਟੀਆ ਰਹੀਆ।ਫੋਜ ਦੀਆਂ ਟੀਮਾਂ ਵੀ ਹੜ੍ਹ ਵਾਲੇ ਇਲਾਕੇ ਵਿੱਚ ਤਾਇਨਾਤ ਕੀਤੀਆਂ ਗਈਆ ਹਨ।ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਵੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਕਿਸ਼ਤੀ ਵਿੱਚ ਗੱਟਾ ਮੁੰਡੀ ਕਾਸੂ ਪਿੰਡ ਦਾ ਦੌਰਾ ਕੀਤਾ ਤੇ ਉਥੇ ਲੋਕਾਂ ਨੂੰ ਮਿਲ ਕੇ ਹੌਸਲਾ ਦਿੱਤਾ ਕਿ ਜਿਲ੍ਹਾ ਪ੍ਰਸ਼ਾਸ਼ਨ ਹੜ੍ਹ ਵਿੱਚ ਫਸੇ ਲੋਕਾਂ ਦੀ ਹਰ ਸੰਭਵ ਮੱਦਦ ਵਾਸਤੇ ਤਿਆਰ-ਬਰ-ਤਿਆਰ ਹੈ।ਉਧਰ ਸੁਲਤਾਨਪੁਰ ਲੋਧੀ ਇਲਾਕੇ ਦੇ 14 ਤੋਂ ਵੱਧ ਪਿੰਡ ਹੜ੍ਹ ਦੀ ਮਾਰ ਹੇਠਾਂ ਆਏ ਹੋਏ ਹਨ।ਪਾਣੀ ਵਿੱਚ ਘਿਰੇ ਇੰਨ੍ਹਾਂ ਪਿੰਡਾਂ ਵਿੱਚ ਐਨਡੀਆਰਐਫ ਤੇ ਫੌਜ ਦੀਆਂ ਟੀਮਾਂ ਨੇ 223 ਲੋਕਾਂ ਨੂੰ ਸੁਰੱਖਿਅਤ ਥਾਵਾਂ `ਤੇ ਪਹੁੰਚਾਇਆ।
*******************************************