ਸਰਵਹਿੱਤਕਾਰੀ ਸਕੂਲ ਰਾਮਪੁਰਾ ਫੂਲ ਵਿਖੇ ਦੀ ਘਟਨਾ, ਲੱਖਾ ਸਿਧਾਣਾ ਦਾ ਮਾਂ ਬੋਲੀ ਪੰਜਾਬੀ ਪ੍ਰਤੀ ਪ੍ਰੇਮ ਵਿਖਾਵਾ ਜਾਂ ਮਕਸਦ ਕੋਈ ਹੋਰ

                        ਲੇਖ/ਰਾਕੇਸ਼ ਸ਼ਾਂਤੀਦੂਤ
                    ਸੰਪਾਦਕ ,ਮੈਟਰੋ ਐਨਕਾਊਂਟਰ
 ਮਾਂ ਬੋਲੀ ਪੰਜਾਬੀ ਪ੍ਰਤੀ ਲੱਖਾ ਸਿਧਾਣਾ ਦੇ ਪ੍ਰੇਮ ਅਤੇ ਰਾਮਪੁਰਾ ਫੂਲ ਵਿਖੇ ਸਰਵਹਿੱਤਕਾਰੀ ਵਿਦਿਆ ਮੰਦਿਰ ਸਕੂਲ ਵਿੱਚ ਲਾਗੂ ਨੀਤੀਆਂ ਉੱਪਰ ਉਸਦੇ ਇਤਰਾਜ ਦਾ ਕੋਈ ਵਿਰੋਧ ਨਹੀਂ ਬਣਦਾ ਪਰ ਇਸ ਦੇ ਬਾਵਜੂਦ ਉਸਦੇ ਮਾਰਗ ਅਤੇ ਰਵਈਏ ਨੂੰ ਠੀਕ ਨਹੀਂ ਠਹਿਰਾਇਆ ਜਾ ਸਕਦਾ। ਸ਼ਿਸ਼ਟਾਚਾਰ ਤਾਂ ਇਹ ਆਖਦਾ ਹੈ ਕਿ ਉਹ ਸਭ ਤੋਂ ਪਹਿਲਾਂ ਆਪਦੇ ਇਤਰਾਜ਼ ਲੈ ਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਕੋਲ ਹੋਰ ਪਤਵੰਤਿਆਂ ਸਣੇ ਬਿਨਾਂ ਕੁਝ ਵਿਦਿਆਰਥੀਆਂ ਨੂੰ ਨਾਲ ਲਏ ਮਿਲਦਾ ਅਤੇ ਅਸਹਿਮਤੀ ਦੀ ਸਥਿਤੀ ਵਿੱਚ ਇਸ ਸਕੂਲ ਦੀ ਸੰਚਾਲਕ ਵਿਦਿਆ ਭਾਰਤੀ ਦੀ ਖੇਤਰੀ ਇਕਾਈ ਜਾਂ ਕੌਮੀ ਕਮੇਟੀ ਨਾਲ ਸੰਵਾਦ ਰਚਾਉਂਦੇ। ਗੁਰੂਆਂ ਦੀ ਸਿਖਿਆ ਵੀ ਸਭ ਤੋਂ ਪਹਿਲਾਂ ਸਾਨੂੰ ਸੰਵਾਦ ਰਚਾਉਣ ਦੀ ਸੰਸਕ੍ਰਿਤੀ ਦਿੰਦੀ ਹੈ। ਜੇਕਰ, ਉਹ ਇਸ ਮਾਰਗ ‘ਤੇ ਨਹੀਂ ਜਾਣਾ ਚਾਹੁੰਦੇ ਸੀ ਤਾਂ ਉਹ ਆਪਣੀ ਸ਼ਿਕਾਇਤ ਜਿਲੇ ਦੇ ਸਿਖਿਆ ਅਧਿਕਾਰੀ , ਜਿਲੇ ਦੇ ਡਿਪਟੀ ਕਮਿਸ਼ਨਰ ਤਕ ਅਤੇ ਫੇਰ ਸੂਬੇ ਦੇ ਸਿਖਿਆ ਮੰਤਰੀ ਤਕ ਲੈ ਕੇ ਜਾਂਦੇ। ਇਸ ਤੋਂ ਅਗਾਂਹ ਕੇਂਦਰੀਂ ਸਿੱਖਿਆ ਮੰਤਰੀ ਅਤੇ ਫੇਰ ਖੇਤਰੀ ਜਾਂ ਸਥਾਨਕ  ਚੁਣੇ ਹੋਏ ਪ੍ਰਤੀਨਿਧਾ ਰਾਹੀਂ ਵਿਧਾਨਸਭਾ ਜਾਂ ਲੋਕਸਭਾ ਤਕ ਵੀ ਲਿਜਾ ਸਕਦੇ ਸਨ ਅਤੇ ਇਸ ਨੂੰ ਜਨਸੰਵਾਦ ਦਾ ਰੂਪ ਦੇ ਸਕਦੇ ਸਨ।
 ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਰਾਮਪੁਰਾ ਫੂਲ ਵਿਖੇ ਵਿਦਿਆ ਭਾਰਤੀ ਨਾ ਦੀ ਕੌਮੀ ਵਿਦਿਅਕ ਸੰਸਥਾ ਦੇ ਉਪਰੋਕਤ ਦੱਸੇ ਸਕੂਲ ਵਿੱਚ ਲੱਖਾ ਸਿਧਾਣਾ ਨੇ ਇਸ ਵਿਸ਼ੇ ਨੂੰ ਆਪ ਮੁਹਾਰੇ ਹੋਕੇ, ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਪ੍ਰੇਮ ਵਿਖਾਵੇ  ਦੀ ਆੜ ਲੈ ਕੇ ਜੋ ਕਾਰਾ ਕੀਤਾ ਹੈ , ਪੰਜਾਬ ਦਾ ਸਭਿਆ ਸਮਾਜ ਕਦੇ ਵੀ ਉਸਦੀ ਹਿਮਾਇਤ ਨਹੀਂ ਕਰ ਸਕਦਾ। ਕਿਉਂਕਿ ਇਸ ਸ਼ਖਸ ਦਾ ਰਵਈਆ ਪ੍ਰੋਟੈਸਟ  ਵਾਲਾ ਨਾ ਹੋਕੇ ਗੁੰਡਾਗਰਦੀ ਜਾਂ ਕ਼ਾਨੂਨ ਨੂੰ ਆਪਣੇ ਹੱਥ ਵਿੱਚ ਲੈਣ ਵਾਲਾ ਸੀ ਅਤੇ ਸੰਵਿਧਾਨ ਇਸ ਦੀ ਆਗਿਆ ਕਿਸੇ ਵੀ ਨਾਗਰਿਕ ਨੂੰ ਨਹੀ ਦਿੰਦਾ,ਇਸ ਲਈ ਜਿਲਾ ਪੁਲਿਸ ਵਲੋਂ ਅਹਿਤਿਆਤ ਵਜੋਂ ਉਸ ਨੂੰ ਹਿਰਾਸਤ ਵਿੱਚ ਲੈਣਾ ਵੀ ਪੂਰੀ ਤਰ੍ਹਾਂ ਜਾਇਜ ਹੈ। ਸੰਬੰਧਿਤ ਸਕੂਲ ਦੇ ਪ੍ਰਬੰਧਕ ਅਤੇ ਹੋਰ ਸਟਾਫ ਨੇ ਸਕੂਲ ਪ੍ਰਿੰਸੀਪਲ ਦੇ ਕਮਰੇ  ਵਿੱਚ ਵਾਪਰੀ ਹਮਲਾਨੁਮਾ ਇਸ ਘਟਨਾ ਦੌਰਾਨ ਜਿਸ ਕਿਸਮ ਦਾ ਜਾਬਤਾ ਧਾਰਨ ਕੀਤਾ ਗਿਆ ਉਹ ਸੰਸਥਾ ਦੀ ਭਾਈਚਾਰਕ ਅਤੇ ਸੱਭਿਆਚਾਰ  ਸਾਂਝ ਨੂੰ ਬਣਾਈ ਰੱਖਣ ਅਤੇ ਵਧਾਉਣ ਦੀ ਨੀਤੀ ਦਾ ਪ੍ਰਗਟਾਵਾ ਕਿਹਾ ਜਾ ਸਕਦਾ ਹੈ। ਇਸ ਲਈ ਇਹ ਪ੍ਰਸੰਸਾ ਦੇ ਪਾਤਰ ਹਨ। ਭਾਂਵੇ ਜਿਸ ਕਿਸਮ ਨਾਲ ਬਾਅਦ ਵਿੱਚ ਸੰਸਥਾ ਜਾਂ ਇਸ ਨਾਲ ਜੁੜੇ ਲੋਕਾਂ ਵਲੋਂ ਇਸ ਘਟਨਾ ‘ਤੇ ਸਫਾਈ ਦਿੰਦਿਆਂ ਹੋਰ ਜਥੇਬੰਦੀਆਂ ਦੇ ਸਕੂਲਾਂ ਨੂੰ ਸੰਧਰਭ ‘ਚ ਲੈਕੇ ਲੱਖੇ ਨੂੰ ਚੁਣੌਤੀ ਦਿੱਤੀ ਗਈ ਉਸ ਨੂੰ ਵੀ ਜਾਇਜ ਨਹੀਂ ਕਿਹਾ ਜਾ ਸਕਦਾ। ਆਪਣੀਂ ਗੱਲ ਰੱਖਣਾ ਜਾਇਜ ਹੈ ਪਰ ਆਪਣੇ ਬਚਾਅ ਲਈ ਕਿਸੇ ਦੂਸਰੇ ‘ਤੇ ਉਂਗਲ ਚੁੱਕਣਾ ਖੁਦ ਨੂੰ ਠੀਕ ਠਹਿਰਾਉਣ ਜਿਹਾ ਹੁੰਦਾ ਹੈ। ਇਹ ਸਭ ਅਖੌਤੀ ਨੇਤਾ ਬਣੇ ਫਿਰਦੇ ਲੋਕਾਂ ਨੂੰ ਜਾਣੇ ਅਣਜਾਣੇ  ਮਾਣਤਾ ਦੇਣ ਸਮਾਨ ਅਤੇ ਜਿਸ ਮਕਸਦ ਲਈ ਉਹ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਉਸ ਨੂੰ ਮਦਦ ਕਰਨ ਵਾਂਗੂ ਵੀ ਹੈ।
ਘਟਨਾ ਦੀ ਵੀਡੀਓ ਜੋ ਲੱਖਾ ਸਿਧਾਣਾ ਦੇ ਆਪਣੇ ਫੇਸਬੁੱਕ ਅਕਾਊਂਟ ਜਾਂ ਉਸਦੇ ਸਮਰਥਕਾਂ ਦੇ ਫੇਸਬੁੱਕ ਅਕਾਉਂਟ ਤੋਂ ਸਿੱਧੀ ਪ੍ਰਸਾਰਿਤ ਕੀਤੀ ਗਈ, ਅਨੁਸਾਰ  ਲੱਖੇ ਨੂੰ ਸਕੂਲ ਵਿੱਚ ਕੁਝ ਗੈਰ ਪੰਜਾਬੀ ਭਾਰਤੀ ਮਹਾਪੁਰਸ਼ਾਂ ਦੀ ਤਸਵੀਰ ‘ਤੇ ਤਕਲੀਫ ਵਧੇਰੇ ਸੀ ਅਤੇ ਮਾਂ ਬੋਲੀ ਪੰਜਾਬੀ ਨੂੰ ਸਕੂਲ ਵਿੱਚ ਕਥਿਤ ਤੌਰ ਤੇ ਬੋਲਣ ਦੀ ਮਨਾਹੀ ਉੱਤੇ ਵਿਰੋਧ ਕਰਣ ਨਾਲੋਂ ਵੱਧ ਉਹ ਸਕੂਲ ਵਿੱਚ ਇਸ ਦੀ ਪ੍ਰਬੰਧਕੀ ਸੰਸਥਾ ਵਿਦਿਆ ਭਾਰਤੀ ਵਲੋਂ ਉਸ ਦੀਆਂ ਆਪਣੀਆਂ ਨੀਤੀਆਂ  ਲਾਗੂ ਕਰਣ ਦਾ ਦੋਸ਼ ਤਲਖੀ ਨਾਲ ਲਾ ਰਿਹਾ ਸੀ। ਵੀਡੀਓ ਵਿੱਚ ਜਿਸ ਤਰ੍ਹਾਂ ਦਾ ਵਿਵਹਾਰ ਉਸ ਨੇ ਅਪਣਾਇਆ ਹੈ ਉਸਦਾ ਮਕਸਦ ਮਾਂ ਬੋਲੀ ਪ੍ਰਤੀ ਪ੍ਰੇਮ ਘੱਟ ਅਤੇ ਪੰਜਾਬ ਵਿੱਚ ਭਾਈਚਾਰਕ ਸਾਂਝ ਦਾ ਸ਼ਾਂਤ ਮਾਹੌਲ ਖਰਾਬ ਕਰਨ ਲਈ ਭੜਕਾਹਟ ਪੈਦਾ ਕਰਨ ਦੀ ਕੋਸ਼ਿਸ ਵੱਧ ਦਿਸਦਾ ਹੈ। ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕ ਦੇ ਆਮੋ ਸਾਹਮਣੇ ਵਿਦਿਆਰਥੀਆਂ ਨੂੰ ਖੜਾ ਕਰਕੇ ਜੋ ਸੰਵਾਦ ਲੱਖੇ ਨੇ ਰਚਿਆ, ਉਹ ਨਾ ਤਾਂ ਪੰਜਾਬੀ ਮਰਿਯਾਦਾ ਦੇ ਦਾਇਰੇ ਵਿੱਚ ਹੈ ਅਤੇ ਨਾਂ ਹੀ ਸੱਭਿਅਕ ,ਇਹ ਪੰਜਾਬ ਦੀ ਗੁਰੂ ਸ਼ਿਸ਼ ਪ੍ਰੰਪਰਾ ਦੀ ਵਿਰਾਸਤ ਪ੍ਰਤੀ ਬੇਪਰਵਾਹੀ ਵੀ ਹੈ। ਸੋ ਇਸ ਘਟਨਾਕ੍ਰਮ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਸਿੱਧੀ ਚਲਾਉਣ ਪਿੱਛੇ ਵੀ ਉਸ ਦਾ ਮੂਲ ਮਕਸਦ ਸਹਿਜ ਹੀ ਸਮਝ ਆਉਂਦਾ ਹੈ।  ਵਿਦਿਆ ਭਾਰਤੀ ਬਾਰੇ ਅਸੀਂ ਜਿੰਨਾ ਜਾਣਦੇ ਹਾਂ ,ਉਹ ਇਹ ਹੈ ਕਿ ਇਹ ਗੈਰ ਸਰਕਾਰੀ ਸਹਾਇਤਾਂ ਹਾਸਲ ਸਿਖਿਆ ਸੇਵੀ ਖੇਤਰ ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਸੰਸਥਾ ਹੈ ਜੋ ਲੋਕਾਂ ਦੀ ਮਦਦ ਨਾਲ ਦੇਸ਼ ਦੇ ਲਗਭਗ ਹਰ ਸੂਬੇ ਵਿੱਚ ਮਿਆਰੀ ਸਿੱਖਿਆ ਦੇਣ ਲਈ 12 ਹਜ਼ਾਰ ਤੋਂ ਵੱਧ ਸਕੂਲ ਅਤੇ  ਦੂਰ ਦੁਰਾਡੇ, ਬੀਹੜਾ, ਉੱਚ ਪਰਬਤੀ ਇਲਾਕਿਆਂ, ਆਦਿਵਾਸੀ ਖੇਤਰਾਂ ਅਤੇ ਸਰਹੱਦੀ ਇਲਾਕਿਆਂ ਤਕ ਜਿੱਥੇ ਸਿਖਿਆ ਸੰਸਥਾਨ ਨਹੀਂ ਪਹੁੰਚਦੇ ਉੱਥੇ 17 ਹਜ਼ਾਰ ਦੇ ਕਰੀਬ ਮੁਫ਼ਤ ਸਿੰਗਲ ਟੀਚਰ ਸਕੂਲ ਚਲਾ ਕੇ ਸਰਬਤ ਦੇ ਭਲੇ ਦੇ ਸਿਧਾਂਤ ਦਾ ਪਾਲਣ ਕਰਦੇ ਹੋਏ ਸਿਖਿਆ ਅਤੇ ਰੋਜਗਾਰ ਦੇ ਰਹੀ ਹੈ। ਇਹਨਾਂ ਸਕੂਲਾਂ ਵਿੱਚ ਭਾਰਤ ਦੇ ਹਰ ਵਰਗ ਦੇ ਬੱਚੇ ਪੜਦੇ ਹਨ। ਇਸ ਦੇ ਨਾਲ-ਨਾਲ ਇਹ ਇਹਨਾਂ ਖੇਤਰਾਂ ਵਿੱਚ ਪੱਛਮੀ ਸੱਭਿਆਚਾਰ ਅਤੇ ਗੈਰ ਭਾਰਤੀ ਧਰਮ ਦਾ ਪ੍ਰਸਾਰ ਕਰ ਰਹੇ ਮਿਸ਼ਨਰੀਆਂ ਨਾਲ ਵੀ  ਭਿੰਨ ਭਿੰਨ ਭਾਰਤੀ ਧਰਮਾਂ ਦੀ ਸੁਰੱਖਿਆ ਹਿੱਤ ਲੋਹਾ ਲੈ ਹੈ। ਪੰਜਾਬ ਵਿੱਚ ਇਸਦੇ 126 ਸਕੂਲ਼ ਹਨ ਅਤੇ ਪੰਜ ਸੌ ਦੇ ਕਰੀਬ ਸਿੰਗਲ ਟੀਚਰ ਸਕੂਲ ਹਨ। ਇਹ ਸਭ ਪੰਜਾਬੀਆ ਦੇ ਸਹਿਯੋਗ ਨਾਲ ਹੀ ਚਲ ਰਹੇ ਹਨ ਅਤੇ ਇਹਨਾਂ ਵਿੱਚ ਪੰਜਾਬੀ ਆਮ ਵਰਤਾਰੇ ਦੀ ਭਾਸ਼ਾ ਉਂਵੇ ਹੀ ਹੈ ਜਿੰਵੇ ਇਸ ਦੇ ਹੋਰ ਸੂਬਿਆਂ ਵਿਚਲੇ ਸਕੂਲਾਂ ਵਿੱਚ ਉਹਨਾਂ ਸੂਬਿਆਂ ਦੀ ਮਾਂ ਬੋਲੀ ਵਰਤਾਰੇ ਵਿੱਚ ਹੈ। ਨਵੀ ਸਿੱਖਿਆ ਨੀਤੀ ਤੋਂ ਪਹਿਲਾਂ ਵੀ ਪੰਜਾਬੀ ਇਹਨਾਂ ਸਕੂਲਾਂ ਵਿੱਚ ਵਿਸ਼ੇ ਵਜੋਂ ਨਰਸਰੀ ਤੋਂ ਹੀ ਪੜਾਈ ਜਾ ਰਹੀ ਹੈ। ਲਗਭਗ ਪੰਜ ਦਹਾਕਿਆਂ ਤੋਂ ਚਲ ਰਹੇ ਇਸ ਦੇ ਪੰਜਾਬ ਵਿਚਲੇ ਸਕੂਲਾਂ ਵਿੱਚੋਂ ਕਈ ਵਿਦਿਆਰਥੀ ਡਾਕਟਰ, ਟੀਚਰ, ਆਈ ਏ ਐਸ ਅਫਸਰ, ਜੱਜ , ਵਕੀਲ ਆਦਿ ਬਣ ਕੇ ਪੰਜਾਬ ਅਤੇ ਆਪਣੇ ਦੇਸ਼ ਭਾਰਤ ਦੇ ਵੱਖ ਵੱਖ ਸੂਬਿਆਂ ਵਿੱਚ ਸੇਵਾਵਾਂ ਦੇ ਰਹੇ ਹਨ।
ਲੱਖਾ ਸਿਧਾਣਾ ਨੂੰ ਇਹ ਸਮਝ ਲੈਣਾਂ ਚਾਹੀਦਾ ਹੈ ਕਿ ਹਰ ਪੰਜਾਬੀ ਚਾਹੇਂ ਉਹ ਕਿਸੇ ਵੀ ਧਰਮ ਦਾ ਅਨੁਯਾਈ ਹੋਵੇ ਮਾਂ ਬੋਲੀ ‘ਤੇ ਉਸ ਤੋਂ ਵਧੇਰੇ ਮਾਣ ਕਰਦਾ ਹੈ , ਉਸ ਦੀ ਸੁਰੱਖਿਆ ‘ਤੇ ਪਹਿਰਾ ਦਿੰਦਾਂ ਹੈ ਉਸ ਨੂੰ ਲੱਖੇ ਵਰਗੇ ਕਿਸੇ ਅਖੌਤੀ ਲੀਡਰ ਦੀ ਨਸੀਹਤ, ਠੇਕੇਦਾਰੀ ਜਾਂ ਸਰਪ੍ਰਸਤੀ ਦੀ ਕੋਈ ਲੋੜ ਨਹੀਂ ਹੈ। ਨਾਲ ਹੀ ਜਿਸ ਗੁਰੂ ਗੋਲਵਲਕਰ ਦੀ ਤਸਵੀਰ ਸਕੂਲ ਵਿੱਚ ਲਾਉਣ ‘ਤੇ ਇਸ ਦਾ ਇਤਰਾਜ ਹੈ, ਲੱਖੇ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਉਸਨੇ ਹੀ ਪੰਜਾਬ ਵਿਚਲੇ ਭਾਸ਼ਾਈ ਅੰਦੋਲਨ ਦੌਰਾਨ ਪੰਜਾਬੀ ਦਾ ਵਿਰੋਧ ਕਰ ਰਹੇ ਆਰੀਆ ਸਮਾਜ ਦੇ ਉਲਟ  ਹਰ ਪੰਜਾਬੀ ਦੀ ਮਾਂ ਬੋਲੀ ਪੰਜਾਬੀ ਹੋਣ ਦੀ ਵਕਾਲਤ ਕੀਤੀ ਸੀ। ਰਾਮਪੁਰਾ ਫੂਲ ਵਿਖੇ ਜੋ ਸਿਧਾਣਾ ਨੇਂ ਕੀਤਾ ਹੈ ,ਪੰਜਾਬ ਦੀ ਭਾਈਚਾਰਕ ਸਾਂਝ ਨੂੰ ਖਤਰੇ ਦੇ ਨਜ਼ਰੀਏ ਨਾਲ ਸ਼ੱਕ ਪੈਦਾ ਕਰਨ ਵਾਲਾ ਕਾਰਾ ਹੈ। ਇਸ ਲਈ ਇਸ ਦੀ ਜਾਂਚ ਕੀਤੀ ਜਾਣੀ ਜਰੂਰੀ ਹੈ। ਵਿਦਿਆ ਭਾਰਤੀ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਉਹ ਪੰਜਾਬ ਜਾਂ ਮੁਲਕ ਦੇ ਹੋਰ ਸੂਬਿਆਂ ਵਿੱਚ ਉਸਦੇ ਸਕੂਲਾਂ ਵਿੱਚ ਖੇਤਰੀ ਮਾਂ ਬੋਲੀਆਂ ਜਾਂ ਵਿਰਸੇ ਅਤੇ ਇਤਿਹਾਸ ਦੀ ਜੋ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਉਸ ਨੂੰ ਆਮ ਲੋਕਚਾਰੇ ਵਿੱਚ ਖੁੱਲ ਕੇ ਸੰਵਾਦ ਰਾਹੀਂ ਰੱਖੇ। ਇਸ ਨਾਲ ਉਸਦੇ ਅਤੇ ਉਸਦੀ ਮੂਲ ਸੰਸਥਾ ਆਰ ਐਸ ਐਸ ਬਾਰੇ ਭਰਮ ਭੁਲੇਖੇ ਦੂਰ ਹੋਣ ਗੇ।

You May Also Like