ਜਲੰਧਰ/ਮੈਟਰੋ ਨਿਊਜ਼ ਸਰਵਿਸ
ਉੱਘੇ ਅਰਥ ਸ਼ਾਸਤਰੀ ਅਤੇ ਪੰਜਾਬੀਅਤ ਦੇ ਪ੍ਰਤੀਕ ਡਾਕਟਰ ਸਰਦਾਰਾ ਸਿੰਘ ਜੌਹਲ ਨੂੰ ਸਾਲ 2022 ਦਾ ”ਮਾਣ ਪੰਜਾਬ ਦਾ” ਪੁਰਸਕਾਰ ਦਿੱਤਾ ਜਾਵੇਗਾ।
‘ਲੋਕ ਮੰਚ ਪੰਜਾਬ’ ਅਤੇ ਮਾਸਿਕ ਮੈਗਜ਼ੀਨ ”ਆਪਣੀ ਆਵਾਜ਼’ ਵਲੋਂ ਦਿੱਤੇ ਜਾਂਦੇ ਇਸ ਪੁਰਸਕਾਰ ਵਿਚ ਇਕ ਲੱਖ ਰੁਪਏ, ਸਨਮਾਨ ਚਿੰਨ੍ਹ ਅਤੇ ਪ੍ਰਮਾਣ ਪੱਤਰ ਹੋਣਗੇ। ਇਸ ਦਾ ਐਲਾਨ ਮੰਚ ਦੇ ਚੇਅਰਮੈਨ ਡਾ. ਲਖਵਿੰਦਰ ਸਿੰਘ ਜੌਹਲ, ਪ੍ਰਧਾਨ ਸੁਰਿੰਦਰ ਸਿੰਘ ਸੁੱਨੜ ਅਤੇ ਸਕੱਤਰ ਦੀਪਕ ਸ਼ਰਮਾ ਚਨਾਰਥਲ ਵਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਪੁਰਸਕਾਰ 13 ਮਾਰਚ, 2022 ਨੂੰ ਸਵੇਰੇ 11 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਕੀਤੇ ਜਾ ਰਹੇ ਸਮਾਗਮ ਵਿਚ ਭੇਟ ਕੀਤਾ ਜਾਵੇਗਾ। ਇਸ ਸਮੇਂ ਇਕ ਵਿਆਪਕ ”ਕਵਿਤਾ ਦਰਬਾਰ” ਵੀ ਹੋਵੇਗਾ। ਸਮਾਗਮ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ ਅਤੇ ਵਿਸ਼ੇਸ਼ ਮਹਿਮਾਨਾਂ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋ. ਗੁਰਭਜਨ ਗਿੱਲ, ਦਰਸ਼ਨ ਬੁੱਟਰ, ਡਾ. ਯੋਗ ਰਾਜ, ਸਤਨਾਮ ਸਿੰਘ ਮਾਣਕ ਅਤੇ ਡਾ. ਤੇਜਵੰਤ ਸਿੰਘ ਮਾਨ ਹੋਣਗੇ।