*2 ਫਰਵਰੀ, ਵਿੱਦਿਅਕ ਅਤੇ ਵਾਤਾਵਰਣ ਪੱਖ ਤੋਂ ਦੁਆਬੇ ਇਲਾਕੇ ਲਈ ਅਹਿਮ ਦਿਨ
*ਵਾਤਾਵਰਨ ਸੰਤੁਲਨ ਵਿਚ ਅਹਿਮ ਰੋਲ ਨਿਭਾਉਂਦੀਆਂ ਹਨ ਜਲਗਾਹਾਂ
ਸੁਲਤਾਨਪੁਰ ਲੋਧੀ/ਮੈਟਰੋ ਬਿਊਰੋ
ਨਿਰਮਲ ਕੁਟੀਆ ਸੀਚੇਵਾਲ ਵਿਖੇ ਅੱਜ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ ਤਾਂ ਜੋ ਪਾਣੀਆਂ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਹੋ ਸਕੇ। ਇਸ ਸਮਾਗਮ ਦੌਰਾਨ ਹੀ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਲੰਮੀ ਉਮਰ ਤੇ ਸਿਹਤਯਾਬੀ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆ। ਇਸ ਮੌਕੇ ਗੁਰਸੰਗਤਾਂ ਵੱਲੋਂ ਨਿਮਰਲ ਕੁਟੀਆ ਸੀਚੇਵਾਲ ਵਿਖੇ ਬੂਟਾ ਲਗਾਇਆ ਗਿਆ।
ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਹੁੰਦਿਆ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ 2 ਫਰਵਰੀ ਦਾ ਦਿਨ ਵਿੱਦਿਅਕ ਅਤੇ ਵਾਤਾਵਰਣ ਪੱਖ ਤੋਂ ਦੁਆਬੇ ਇਲਾਕੇ ਦੇ ਲਈ ਬਹੁਤ ਅਹਿਮ ਦਿਨ ਹੈ। ਇਸ ਦਿਨ ਹੀ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਸੀਚੇਵਾਲ ਦੀ ਨੀਂਹ ਰੱਖੀ ਗਈ ਸੀ, ਵਿਸ਼ਵ ਪੱਧਰ ਤੇ ਜਲਗਾਹ ਦਿਵਸ ਵੀ ਇਸੇ ਦਿਨ ਮਨਾਇਆ ਜਾਂਦਾ ਹੈ ਅਤੇ ਸੰਤ ਅਵਤਾਰ ਸਿੰਘ ਜੀ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ ਦੀ ਨਵੀ ਇਮਾਰਤ ਦਾ ਉਦਘਾਟਨ ਕੀਤਾ ਗਿਆ ਸੀ। ਸੰਗਤਾਂ ਦੇ ਸਹਿਯੋਗ ਨਾਲ ਚੱਲ ਰਹੇ ਵਿਿਦਅਕ ਅਦਾਰੇ ਇਲਾਕੇ ਵਿਚ ਵਿੱਦਿਆ ਤੇ ਪ੍ਰਚਾਰ ਤੇ ਪ੍ਰਸਾਰ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ, ਇਸ ਮੌਕੇ ਉਹਨਾਂ ਅਪੀਲ ਕੀਤੀ ਕਿ ਸੰਗਤਾਂ ਇਹਨਾਂ ਵਿਿਦਅਕ ਅਦਾਰਿਆ ਵਿਚ ਵੱਧ ਚੜ੍ਹ ਕੇ ਹਿੱਸਾ ਪਾਉਣ। ਹਰ ਸਾਲ ਇਹ ਦਿਹਾੜਾ ਵੱਡੇ ਪੱਧਰ ਤੇ ਮਨਾਇਆ ਜਾਂਦਾ ਸੀ ਪਰ ਸਕੂਲ ਅਤੇ ਕਾਲਜ਼ ਬੰਦ ਹੋਣ ਕਾਰਨ ਇਹ ਦਿਹਾੜਾ ਨਿਰਮਲ ਕੁਟੀਆ ਸੀਚੇਵਾਲ ਵਿਖੇ ਮਨਾਇਆ ਗਿਆ। ਉਹਨਾਂ ਚੋਣ ਕਮਿਸ਼ਨ ਨੂੰ ਅਪੀਲ ਕਰਦਿਆ ਕਿਹਾ ਕਿ ਸ਼ਾਤੀਪੂਰਨ ਤਰੀਕੇ ਨਾਲ ਵੋਟਾਂ ਤੱਕ ਪੰਜਾਬ ਨੂੰ ਸੰਭਾਲਣਾ ਜਿਵੇਂ ਉਹਨਾਂ ਦੀ ਜਿੰਮੇਵਾਰੀ ਬਣਦੀ ਹੈ ਉਸੇ ਤਰ੍ਹਾਂ ਹੀ ਬੱਚਿਆਂ ਦੇ ਭਵਿੱਖ ਨੂੰ ਬਚਾਉਣਾ ਅਤੇ ਪੜਾਉਣਾ ਵੀ ਉਹਨਾਂ ਦੀ ਜਿੰਮੇਵਾਰੀ ਹੈ। ਉਹਨਾਂ ਅਪੀਲ ਕੀਤੀ ਕਿ ਉਹ ਇਸ ਮਸਲੇ ਵੱਲ ਧਿਆਨ ਦੇਣ।
ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ 20 ਫਰਵਰੀ ਨੂੰ ਵੋਟਾਂ ਪੈਣੀਆਂ ਹਨ ਤੇ ਲੋਕ ਇਸ ਵਾਰ ਵਾਤਾਵਰਣ ਪੱਖੀ ਆਗੂਆਂ ਨੂੰ ਹੀ ਵੋਟ ਪਾਉਣ। ਉਨ੍ਹਾਂ ਲੋਕਾਂ ਨੂੰ ਸਵਾਲ ਕੀਤਾ ਕਿ ਜਿਹੜੀਆਂ ਪਾਰਟੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੀਣ ਵਾਲੇ ਸਾਫ਼ ਪਾਣੀ ਤੇ ਹਵਾ ਦਾ ਪ੍ਰਬੰਧ ਕਰਨ ਦੀ ਗੱਲ ਨਹੀਂ ਕਰ ਰਹੀਆਂ ਕੀ ਉਹ ਸਾਡੀ ਵੋਟ ਦੀਆਂ ਹੱਕਦਾਰ ਵੀ ਹਨ। ਪੰਜਾਬ ਵਾਤਾਵਰਣ ਚੇਤਨਾ ਲਹਿਰ ਵੱਲੋਂ ਚਲਾਈ ਗਈ ਮੁਹਿੰਮ ਦਾ ਜ਼ਿਕਰ ਕਰਦਿਆ ਉਨ੍ਹਾਂ ਕਿਹਾ ਕਿ ਮਾਝੇ, ਮਾਲਵੇ ਤੇ ਦੁਆਬੇ ਦੇ ਪਿੰਡਾਂ ਸ਼ਹਿਰਾਂ ਵਿੱਚ ਜਾਗਰੂਕ ਲੋਕ ਲੀਡਰਾਂ ਨੂੰ ਵਾਤਾਵਰਣ ਬਾਰੇ ਸਵਾਲ ਕਰਨ ਲੱਗ ਪਏ ਹਨ। ਉਨ੍ਹਾਂ ਕਿਹਾ ਪੰਜਾਬ ਦੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਵਾਤਾਵਰਣ ਚੇਤਨਾ ਲਹਿਰ ਨੇ ਏਜੰਡਾ ਭੇਜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵੱਡੇ ਦੁੱਖਦੀ ਗੱਲ ਹੈ ਕਿ ਚਿੱਟੀ ਵੇਈਂ ਤੇ ਕਾਲਾ ਸੰਘਿਆ ਡਰੇਨ ਦੇ ਕੰਢੇ ਵੱਸਣ ਵਾਲੇ ਲੋਕਾਂ ਦਾ ਦਰਦ ਅਜੇ ਤੱਕ ਕਿਸੇ ਵੀ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਦੀ ਚਰਚਾ ਦਾ ਵਿਸ਼ਾ ਨਹੀਂ ਬਣਿਆ।
ਵਿਸ਼ਵ ਪੱਧਰ ‘ਤੇ ਮਨਾਏ ਜਾਂਦੇ ਜਲਗਾਹ ਦਿਵਸ ਦਾ ਜ਼ਿਕਰ ਕਰਦਿਆ ਕਿਹਾ ਕਿ ਵਾਤਾਵਰਨ ਸੰਤੁਲਨ ਵਿਚ ਜਲਗਾਹਾਂ ਅਹਿਮ ਰੋਲ ਨਿਭਾਉਂਦੀਆਂ ਹਨ। ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਵੇਈਂ ਦੋ ਕੌਮਾਂਤਰੀ ਜਲਗਾਹਾਂ ਨਾਲ ਜੁੜੀ ਹੋਈ ਹੈ। ਸੰਗਤਾਂ ਪਿਛਲੇ 22 ਸਾਲਾਂ ਹੱਥੀ ਸੇਵਾ ਕਰਕੇ ਇਸ ਨਦੀਂ ਨੂੰ ਸਾਫ਼ ਰੱਖ ਰਹੀਆਂ ਹਨ। ਪਰ ਬੜੇ ਦੁੱਖ ਦੀ ਗੱਲ ਹੈ ਕਿ ਹਰੀਕੇ ਵੈਟ ਲੈਂਡ ਦਾ ਰਕਬਾ ਹਰ ਸਾਲ ਸੁੰਗੜਦਾ ਜਾ ਰਿਹਾ ਹੈ ਪਰ ਸਰਕਾਰਾਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ। ਇਸ ਮੌਕੇ ਵੱਖ -ਵੱਖ ਬੁਲਾਰਿਆਂ ਨੇ ਵਿਸ਼ਵ ਜਲਗਾਹ ਦਿਵਸ ਮੌਕੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਅਲੋਪ ਹੋ ਰਹੀਆਂ ਜਲਗਾਹਾਂ ਦੇ ਬਚਾਅ ਲਈ ਅੱਗੇ ਆਉਣ ਤਾਂ ਜੋ ਪਾਣੀਆਂ ਦੇ ਕੁਦਰਤੀ ਸੋਮਿਆ ਨੂੰ ਬਚਾਇਆ ਜਾ ਸਕੇ।
ਇਸ ਮੌਕੇ ਸੰਤ ਪ੍ਰਗਟ ਨਾਥ, ਸੰਤ ਸੁਖਜੀਤ ਸਿੰਘ ਸੀਚੇਵਾਲ, ਭਾਈ ਗੁਰਦੇਵ ਸਿੰਘ ਕਪੂਰਥਲਾ, ਸੁਰਜੀਤ ਸਿੰਘ ਸ਼ੰਟੀ, ਸਰਪੰਚ ਤਜਿੰਦਰ ਸਿੰਘ, ਬਲਾਕ ਸੰਮਤੀ ਲੋਹੀਆਂ ਦੇ ਚੇਅਰਮੈਨ ਸੁਰਜੀਤ ਸਿੰਘ ਨਿਹਾਲੂਵਾਲ, ਅਤੇ ਪੰਚ ਬੂਟਾ ਸਿੰਘ ਤੋਂ ਸੰਗਤ, ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਤੇ ਸਕੂਲ ਦਾ ਸਟਾਫ ਹਾਜ਼ਰ ਸੀ।