ਘੰਟਿਆਂ ਬੱਧੀ ਚਲਾਇਆ ਟ੍ਰੈਕਟਰ,ਸਤਲੁਜ ਦਰਿਆ ਵਿੱਚ ਪਾਣੀ ਤਿੰਨ ਲੱਖ ਕਿਊਸਿਕ ਤੋਂ ਟੱਪਿਆ
ਜਲੰਧਰ/ਮੈਟਰੋ ਨਿਊਜ਼ ਸਰਵਿਸ
ਭਾਰੀ ਮੀਂਹ ਪੈਣ ਕਾਰਨ ਹੜ੍ਹ ਦੀ ਬਣੀ ਸਥਿਤੀ ਦੇ ਮੱਦੇਨਜ਼ਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਧੁੱਸੀ ਬੰਨ੍ਹ ‘ਤੇ ਰਾਹਤ ਕਾਰਜਾਂ ਦਾ ਮੋਰਚਾ ਸੰਭਾਲ ਲਿਆ ਹੈ।ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ ‘ਤੇ ਦੋ ਵੱਡੀਆਂ ਕਰੇਨਾਂ,ਇੱਕ ਜੇਸੀਬੀ ਮਸ਼ੀਨ, ਟਿੱਪਰ,ਦੋ ਕਿਸ਼ਤੀਆਂ ਤੇ ਮਿੱਟੀ ਦੇ ਬੋਰ ਭਰਨ ਦਾ ਸਾਰਾ ਸਮਾਨ ਪਹੁੰਚਾ ਦਿੱਤਾ ਹੈ ਤਾਂ ਜੋ ਕਿਸੇ ਵੀ ਸਥਿਤੀ ਨਾਲ ਨਿੱਜਠਿਆ ਜਾ ਸਕੇ। ਧੁੱਸੀ ਬੰਨ੍ਹ’ਤੇ ਪਹਿਰਾ ਦੇ ਰਹੇ ਪਿੰਡਾਂ ਦੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦਰਜਨ ਤੋਂ ਵੱੱਧ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਨੂੰ ਚੌਕਸ ਕੀਤਾ।ਜਿਹੜੇ ਇਲਾਕੇ ਅਤੇ ਪਿੰਡਾਂ ਵਿੱਚ ਸੰਤ ਸੀਚੇਵਾਲ ਨੇ ਲੋਕਾਂ ਦੀ ਲਾਮਬੰਦੀ ਕੀਤੀ ਉਨ੍ਹਾਂ ਵਿੱਚ ਫਿਲੌਰ,ਮਾਓ ਸਾਹਿਬ,ਮੀਊਵਾਲ,ਪਿੱਪਲੀ ਮਿਆਣੀ,ਰਾਮੇ,ਫਹਿਤੇਪੁਰ,ਗੱਟੀ ਕਾਸੂ ਮੁੰਡੀ,ਮੰਡਾਲਾ ਅਤੇ ਗਿੱਦੜਪਿੰਡੀ ਸਮੇਤ ਹੋਰ ਪਿੰਡ ਵੀ ਸ਼ਾਮਿਲ ਸਨ।ਉਨ੍ਹਾਂ ਨੇ ਜਿਲ੍ਹੇ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਵੀ ਹੜ੍ਹ ਦੀ ਬਣ ਰਹੀ ਸਥਿਤੀ ‘ਤੇ ਲਗਾਤਾਰ ਚੌਕਸੀ ਵਰਤਣ ਦੀਆਂ ਹਦਾਇਤਾਂ ਕੀਤੀਆਂ।
ਰਾਜ ਸਭਾ ਮੈਂਬਰ ਸੰਤ ਸੀਚੇਵਾਲ ਤੇ ਨਕੋਦਰ ਹਲਕੇ ਦੀ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਮੌਓ ਸਾਹਿਬ ਵਿਖੇ ਧੁੱਸੀ ਬੰਨ੍ਹ ਦਾ ਨਿਰੀਖਣ ਕੀਤਾ ਤੇ ਉਥੇ ਢਾਹ ਮਾਰ ਰਹੇ ਦਰਿਆ ਦਾ ਰੁੱਖ ਮੋੜਨ ਲਈ ਨੋਚ ਲਗਾਉਣ ਦੇ ਕੀਤੇ ਜਾ ਰਹੇ ਕੰਮਾਂ ਦੀ ਨਿਗਰਾਨੀ ਕੀਤੀ।
ਸਾਲ 2019 ਵਿੱਚ ਜਿਆਣੀਆ ਚਾਹਲਾਂ ਨੇੜੇ ਜਿੱਥੋਂ ਬੰਨ੍ਹ ਟੁੱਟਾ ਸੀ ਉਥੋਂ ਸੰਤ ਸੀਚੇਵਾਲ ਨੇ ਧੁੱਸੀ ਬੰਨ੍ਹ’ਤੇ ਆਪ ਘੰਟਿਆਂ ਬੱਧੀ ਟ੍ਰੈਕਟਰ ਚਲਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ।
ਸਵੇਰੇ 7 ਵਜੇ ਤੋਂ ਲੈਕੇ ਲਗਾਤਾਰ ਸੰਤ ਬਲਬੀਰ ਸਿੰਘ ਸੀਚੇਵਾਲ ਧੁੱਸੀ ਬੰਨ੍ਹ ਦਾ ਜਿੱਥੇ ਨਿਰੀਖਣ ਕਰ ਰਹੇ ਹਨ ਉਥੇ ਸਤਲੁਹ ਕੰਢੇ ਵੱਸਦੇ ਲੋਕਾਂ ਨੂੰ ਚੌਕਸ ਵੀ ਕਰ ਰਹੇ ਹਨ।
ਡਰੇਨਜ਼ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਤੱਕ ਸਤਲੁਜ ਦਰਿਆ ਵਿੱਚ ਫਿਲੌਰ ਤੋਂ ਤਿੰਨ ਲੱਖ ਕਿਊਸਿਕ ਪਾਣੀ ਵੱਗ ਰਿਹਾ ਸੀ। ਇਹ ਪਾਣੀ ਦੇਰ ਰਾਤ ਤੱਕ ਗਿੱਦੜਪਿੰਡ ਪਹੁੰਚਣ ਦੀ ਸੰਭਾਵਨਾ ਹੈ।ਪਿੰਡ ਪਿੱਪਲੀ ਮਿਆਣੀ ਦੇ ਹੋਰ ਨੇੜਲੇ ਪਿੰਡਾਂ ਕੋਲੋ ਦੀ ਲੰਘਦੇ ਧੁੱਸੀ ਬੰਨ੍ਹ ਵਿੱਚ ਆਈ ਕਮਜ਼ੋਰੀ ਨੂੰ ਦੂਰ ਕਰਨ ਅਤੇ ਉਸ ਨੂੰ ਮਜ਼ਬੂਤ ਕਰਨ ਦੇ ਕਾਰਜ ਚੱਲਦੇ ਰਹੇ।
ਹੜ੍ਹ ਰੋਕੂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਗਿੱਦੜਪਿੰਡੀ ਨੇ ਦੱਸਿਆ ਕਿ ਸੰਤ ਸੀਚੇਵਾਲ ਨੇ ਸਾਲ 2019 ਦੇ ਹੜ੍ਹਾਂ ਵਾਂਗ ਇਸ ਵਾਰ ਵੀ ਮੋਰਚਾ ਸੰਭਾਲ ਲਿਆ ਹੈ ਜਿਸ ਕਾਰਨ ਲੋਕ ਸੁਰੱਖਿਅਤ ਮਹਿਸੂਸ ਕਰ ਰਹੇ ਹਨ।