ਜਲੰਧਰ/ਰਾਕੇਸ ਸ਼ਾਂਤੀਦੂਤ
ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਭਾਈ ਅਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਪਪੱਲਪ੍ਰੀਤ ਸਿੰਘ ਦੇ ਕੇਸ ਨਾਲੋਂ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਸਰਦਾਰ ਪੂਰਣ ਸਿੰਘ ਹੁੰਦਲ ਨੇ ਖੁਦ ਨੂੰ ਅਲਹਿਦਾ ਕਰ ਲਿਆ ਹੈ। ਜਿਕਰ ਯੋਗ ਹੈ ਕਿ ਭਾਈ ਅਮ੍ਰਿਤਪਾਲ ਸਿੰਘ ,ਪਪੱਲਪ੍ਰੀਤ ਸਿੰਘ ਅਤੇ ਹੋਰ ਅਸਾਮ ਦੀ ਡਿਬਰੂਗੜ ਜੇਲ ਵਿੱਚ ਹਨ।
ਐਡਵੋਕੇਟ ਪੂਰਨ ਸਿੰਘ ਦੇ ਖੁਦ ਨੂੰ ਕੇਸ ਤੋਂ ਅਲੱਗ ਕਰਨ ਨੂੰ ਲੈਕੇ ਕਈ ਕਿਆਸ ਅਰਾਈਆਂ ਲੱਗ ਰਹੀਆਂ ਹਨ। ਜਿਸ ਕੇਸ ਵਿੱਚੋਂ ਐਡਵੋਕੇਟ ਪੂਰਣ ਸਿੰਘ ਨੇ ਆਪਣੇ ਆਪ ਨੂੰ ਅਲਹਿਦਾ ਕੀਤਾ ਹੈ ਉਹ ਪਪੱਲਪ੍ਰੀਤ ਸਿੰਘ ਬਨਾਮ ਭਾਰਤ ਸਰਕਾਰ ਅਤੇ ਹੋਰ ਹੈ।
ਇਹ ਗੱਲ ਓਦੋਂ ਸਾਹਮਣੇ ਆਈ ਜਦੋ ਐਡਵੋਕੇਟ ਈਮਾਨ ਸਿੰਘ ਖਾਰਾ ਵਲੋਂ ਧਾਰਾ 425 ਸੀ ਆਰ ਪੀ ਸੀ ਤਹਿਤ ਉਕਤ ਮਾਮਲੇ ਵਿੱਚ ਹੇਬੀਅਸ ਕੋਰਪਸ(ਬੰਦੀ ਪ੍ਰਤਖੀਕਰਨ ਰਿਟ) ਵਿੱਚ ਰਿੱਟ ਦੇ ਪਹਿਲੇ ਹਿੱਸੇ ਵਿੱਚ ਕੀਤੀ ਗਈ ਬੇਨਤੀ ਨੂੰ ਤਿਆਗ ਕੇ ਦੂਜੇ ਹਿੱਸੇ ਵਿੱਚ ਕੀਤੀ ਗਈ ਬੇਨਤੀ ਉਪਰ ਹੀ ਕੇਂਦਰਿਤ ਕਰ ਕੇ ਸਰਟੀਰਿਓਰੀ ਸਿਵਲ ਰਿੱਟ ਵਜੋਂ ਤਰਜੀਹ ਦੇਣ ਲਈ ਹਾਈਕੋਰਟ ਵਿੱਚ ਕੀਤੀ ਗਈ ਬੇਨਤੀ ਤੇ ਹੁਕਮ ਆਇਆ। ਇਸ ਹੁਕਮ ਰਾਹੀਂ ਮਾਨਯੋਗ ਅਦਾਲਤ ਨੇ ਐਡਵੋਕੇਟ ਪੂਰਣ ਸਿੰਘ ਵਲੋਂ ਕੇਸ ਤੋਂ ਅਲੱਗ ਹੋਣ ਲਈ ਕੀਤੀ ਗਈ ਬੇਨਤੀ ਨੂੰ ਪ੍ਰਵਾਨ ਕਰਦਿਆਂ ਆਵੇਦਕ ਦੀ ਬੇਨਤੀ ਸਵੀਕਾਰ ਕਰਕੇ ਨਵੇਂ ਸਿਰਿਓਂ ਇਸ ਨੂੰ ਕਿਸੇ ਬੇਂਚ ਨੂੰ ਸੁਣਵਾਈ ਲਈ ਦੇਣ ਲਈ ਨਿਰਦੇਸ਼ ਜਾਰੀ ਕਰ ਦਿਤੇ ਹਨ।
ਸਰਟੀਰਿਓਰੀ ਰਿਟ ਨੂੰ ਪ੍ਰਤੀਸ਼ੇਧ ਰਿਟ ਕਿਹਾ ਜਾਂਦਾ ਹੈ। ਇਹ ਉਸ ਸਮੇ ਜਾਰੀ ਕੀਤੀ ਜਾਂਦੀ ਹੈ ਜਦੋ ਕੋਈ ਕਾਰਵਾਈ ਚੱਲ ਰਹੀ ਹੋਵੇ ਅਤੇ ਇਸ ਦਾ ਮੂਲ ਉਦੇਸ਼ ਕਾਰਵਾਈ ਨੂੰ ਰੋਕਣਾ ਹੁੰਦਾ ਹੈ।ਜਦ ਕਿ ਉਤਪਰੇਸ਼ਣ ਰਿਟ ਕਾਰਵਾਈ ਖਤਮ ਹੋਣ ਤੋਂ ਬਾਅਦ ਨਿਰਣੈ ਸਮਾਪਤੀ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ।
ਇਸ ਸਬੰਧੀ ਜਦੋ ਐਡਵੋਕੇਟ ਪੂਰਣ ਸਿੰਘ ਹੋਰਾਂ ਕੋਲੋ ਉਹਨਾਂ ਦੇ ਅਲਗ ਹੋਣ ਦੀ ਵਜ੍ਹਾ ਨੂੰ ਲੈਕੇ ਲਗ ਰਹੀਆ ਕਿਆਸ ਅਰਾਈਆਂ ਬਾਰੇ ਉਹਨਾਂ ਨਾਲ ਮੋਬਾਈਲ ਫੋਨ ਰਾਹੀਂ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਕੇਸ ਦੀ ਨੇਚਰ ਨੂੰ ਲੈਕੇ ਉਹਨਾਂ ਦੀ ਕਾਨੂੰਨੀ ਰਾਏ ਅਲਗ ਹੈ, ਇਸ ਲਈ ਅਸਹਿਮਤੀ ਦੀ ਵਜ੍ਹਾ ਨਾਲ ਉਹਨਾਂ ਆਪਣੇ ਆਪ ਨੂੰ ਅਲਗ ਕਰ ਲਿਆ ਹੈ। ਉਹਨਾਂ ਦੱਸਿਆ ਕਿ ਉਹ ਇਹਨਾਂ ਮਾਮਲਿਆਂ ਨੂੰ ਲੈਕੇ ਹਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਦਾਇਰ 5 ਪਟੀਸ਼ਨਾਂ ਵਿੱਚ ਵਕੀਲ ਹਨ ਅਤੇ ਉਹ ਸਾਰੀਆਂ ਅਪਰਾਧਿਕ ਕਿਸਮ ਵਿੱਚ ਆਉਂਦਿਆਂ ਹਨ। ਇਸ ਲਈ ਸੰਬੰਧਤ ਕੇਸ ਵਿੱਚ ਵੱਖਰੀ ਕਿਸਮ ਉੱਤੇ ਉਹਨਾਂ ਦੀ ਰਾਏ ਸਹਿਮਤੀ ਵਿੱਚ ਨਹੀਂ ਹੈ। ਉਹਨਾਂ ਖੁਦ ਦੇ ਅਲਗ ਹੋਣ ਦੀ ਵਜ੍ਹਾ ਵਿਸ਼ੁੱਧ ਤੌਰ ਤੇ ਕਾਨੂੰਨੀ ਮਤ – ਵਿਮਤ ਦਾ ਹੋਣਾ ਦੱਸਿਆ ਅਤੇ ਕਿਹਾ ਕਿ ਇਸ ਵਿੱਚ ਕੋਈ ਰਾਜਨੀਤਕ ਕਾਰਣ ਨਹੀਂ ਹੈ।
ਜਿਕਰ ਯੋਗ ਹੈ ਕਿ ਸੀਨੀਅਰ ਵਕੀਲ ਪੂਰਨ ਸਿੰਘ ਲੰਬੇ ਸਮੇਂ ਤੋਂ ਪੰਥਕ ਧਿਰਾਂ ਦੇ ਵਕੀਲ ਵਜੋਂ ਕੇਸ ਲੜਦੇ ਆ ਰਹੇ ਹਨ।