ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਹਰ ਨਾਗਰਿਕ ਦੇਵੇ ਸਹਿਯੋਗ – ਐਸ ਐਸ ਪੀ ਭਾਗੀਰਥ ਸਿੰਘ ਮੀਣਾ

*ਪਿੰਡ ਖ਼ਾਨਪੁਰ ਚ ਕੀਤਾ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਖ਼ਬਰਦਾਰ

                    ਬੰਗਾ/ਮੈਟਰੋ ਨਿਊਜ਼ ਸਰਵਿਸ

ਐਸ ਐਸ ਪੀ ਭਾਗੀਰਥ ਸਿੰਘ ਮੀਣਾ ਨੇ ਪਿੰਡ ਖ਼ਾਨਪੁਰ ਵਿਖੇ ਨਸ਼ਿਆਂ ਖ਼ਿਲਾਫ਼ ਜ਼ਿਲ੍ਹਾ ਪੁਲਿਸ ਦੀ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਪਰਿਵਾਰ ਦੇ ਨੌਜੁਆਨ ਦੇ ਨਸ਼ਿਆਂ ਵਿੱਚ ਗ੍ਰਸਤ ਹੋਣ ਦੇ ਅਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਇੱਕ ਪਰਿਵਾਰ ਵਿੱਚ ਨੌਜੁਆਨ ਬੱਚਾ ਪਰਿਵਾਰ ਤੋਂ ਦੂਰ ਇਕੱਲਾ ਰਹਿਣਾ ਸ਼ੁਰੂ ਕਰ ਦੇਵੇ ਤਾਂ ਸਾਨੂੰ ਤੁਰੰਤ ਇਸ ਵਿਵਹਾਰ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਉਸ ਦੀ ਕਾਉਂਸਲਿੰਗ ਕਰਨੀ ਚਾਹੀਦੀ ਹੈ। ਉਸ ਨੂੰ ਪਰਿਵਾਰ ਚ ਵੱਧ ਤੋਂ ਵੱਧ ਸਮਾਂ ਬਿਠਾਉਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜੇਕਰ ਮਾੜੀ ਸੰਗਤ ਕਿਸੇ ਨੂੰ ਵਿਗਾੜ ਸਕਦੀ ਹੈ ਤਾਂ ਚੰਗੀ ਸੰਗਤ ਉਸ ਨੂੰ ਗਲਤ ਰਾਹ ਤੋਂ ਵਾਪਸ ਸਮਾਜ ਦੀ ਮੁੱਖ ਧਾਰਾ ਵਿੱਚ ਵੀ ਲਿਆ ਸਕਦੀ ਹੈ। ਖ਼ਾਨਪੁਰ ਵਿਖੇ ਪੰਚਾਇਤੀ ਰਾਜ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਜ਼ਿਲ੍ਹਾ ਪੁਲਿਸ ਵੱਲੋਂ ਕੀਤੀ ਪੁਲਿਸ ਪਬਲਿਕ ਮੀਟਿੰਗ ਦੌਰਾਨ ਨਸ਼ਿਆਂ ਪ੍ਰਤੀ ਖ਼ਬਰਦਾਰ ਕਰਦਿਆਂ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਤੇ ਚੱਲ ਰਹੀ ਹੈ। ਜੇਕਰ ਲੋਕਾਂ ਦੀ ਨਜ਼ਰ ਵਿੱਚ ਜ਼ਿਲ੍ਹੇ ਵਿੱਚ ਕੋਈ ਵੀ ਨਸ਼ਾ ਤਸਕਰ ਹੈ ਤਾਂ ਉਸ ਸਬੰਧੀ ਜ਼ਿਲ੍ਹਾ ਪੁਲਿਸ ਦੀ ‘ ਐਂਟੀ ਡਰੱਗ ਹੈਲਪਲਾਈਨ’ ਨੰਬਰ 98550-49550 ਤੇ ਸੰਪਰਕ ਕੀਤਾ ਜਾਵੇ। ਇਸ ਨੰਬਰ ਤੇ ਵਟਸ ਐਪ ਨੰਬਰ ਵੀ ਕੀਤਾ ਜਾ ਸਕਦਾ ਹੈ। ਇਸ ਨੰਬਰ ਤੇ ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਗੁਪਤ ਰੱਖਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ 30 ਜੁਲਾਈ ਤੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ 3-3 ਪਿੰਡਾਂ ਦੇ ਕਲੱਸਟਰ ਬਣਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਮੁਹਿੰਮ ਤਹਿਤ 20 ਅਗਸਤ ਤੱਕ ਸਮੁੱਚਾ ਜ਼ਿਲ੍ਹਾ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ l ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦਿਆਂ ਦੱਸਿਆ ਕਿ ਪੰਜਾਬ ਦੇ ਵਡਮੁੱਲੇ ਸਰਮਾਏ ਲਈ ਘਟੀਆ ਮਾਹੌਲ ਸਿਰਜਣ ਵਾਲਿਆਂ ਅਤੇ ਸਮਾਜਕ ਕੁਰੀਤੀਆਂ ਅਤੇ ਲਾ-ਕਾਨੂੰਨੀ ਫੈਲਾਉਣ ਵਾਲਿਆਂ ਲਈ ਪੰਜਾਬ ਵਿੱਚ ਕੋਈ ਥਾਂ ਨਹੀਂ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ, ਇਸ ਲਈ ਤੁਹਾਡਾ ਨਸ਼ਿਆਂ ਤੋਂ ਦੂਰ ਰਹਿਕੇ ਖੇਡਾਂ ਵੱਲ ਪ੍ਰੇਰਿਤ ਹੋਣਾ, ਤੁਹਾਡੇ ਨਾਲ-ਨਾਲ ਸਮਾਜ, ਰਾਜ ਅਤੇ ਰਾਸ਼ਟਰ ਦੇ ਹਿੱਤ ਵਿੱਚ ਵੀ ਹੋਵੇਗਾ।
ਕੁਲਜੀਤ ਸਿੰਘ ਸਰਹਾਲ ਸੀਨੀਅਰ ਆਗੂ, ਆਮ ਆਦਮੀ ਪਾਰਟੀ ਬੰਗਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਇਕੋ ਇਕ ਮੁੱਖ ਏਜੰਡਾ ਪੰਜਾਬ ਵਿੱਚ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਕੇ ਸੂਬੇ ਵਿੱਚ ਅਮਨ-ਸ਼ਾਂਤੀ ਬਰਕਰਾਰ ਰੱਖਣ ਦੇ ਨਾਲ-ਨਾਲ ਪੰਜਾਬ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣਾ ਹੈ ਅਤੇ ਇਸ ਲਈ ਸਰਕਾਰ ਹਰ ਕਦਮ ਬੜੀ ਮੁਸਤੈਦੀ ਨਾਲ ਚੁੱਕਦੀ ਹੋਈ ਅੱਗੇ ਵਧ ਰਹੀ ਹੈ l
ਇਸ ਮੌਕੇ ਨਰਿੰਦਰ ਬੰਗਾ (ਦੂਰਦਰਸ਼ਨ) ਨੇ ਆਪਣੇ ਸਵਾਗਤੀ ਭਾਸ਼ਣ ਵਿਚ ਬੋਲਦਿਆਂ ਕਿਹਾ ਕਿ ਸਾਡੇ ਗੁਰੂਆਂ-ਭਗਤਾਂ ਪੀਰਾਂ-ਪੈਗੰਬਰਾਂ ਨੇ ਸਾਨੂੰ ਦੁਨਿਆਵੀ ਨਸ਼ਿਆਂ ਤੋਂ ਦੂਰ ਰਹਿਣ ਦੀ ਸਿੱਖਿਆ ਦਿੰਦਿਆਂ ਆਪਣੇ ਜੀਵਨ ਨੂੰ ਨਾਮ ਦੇ ਨਸ਼ੇ ਵਿੱਚ ਰੰਗਣ ਲਈ ਪ੍ਰੇਰਤ ਕੀਤਾ, ਪਰ ਸਾਡਾ ਬੱਚਿਆਂ ਨੂੰ ਸਮਾਜ ਵਿਰੋਧੀ ਤਾਕਤਾਂ ਗੁਰੂਆਂ-ਪੀਰਾਂ ਦੀਆਂ ਸਿਖਿਆਵਾਂ ਤੋਂ ਦੂਰ ਕਰਕੇ ਦੁਨਿਆਵੀ ਨਸ਼ਿਆਂ ਦੀ ਦਲ ਦਲ ਵਿੱਚ ਫਸਾ ਕੇ ਉਨ੍ਹਾਂ ਦਾ ਭਵਿੱਖ ਬਰਬਾਦ ਕਰ ਰਹੀਆਂ ਹਨ, ਜਿਸ ਨੂੰ ਰੋਕਣ ਲਈ ਸਮੁੱਚੇ ਵਰਗਾਂ ਦੀ ਆਪਸੀ ਸਾਂਝ ਦੀ ਵੱਡੀ ਲੋੜ ਹੈ।
ਇਸ ਮੌਕੇ ਨਗਰ ਨਿਵਾਸੀਆਂ, ਗ੍ਰਾਮ ਪੰਚਾਇਤ ਅਤੇ ਸਪੋਰਟਸ ਕਲੱਬ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਅਸੀਂ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦੇਵਾਂਗੇ। ਇਸ ਮੌਕੇ ਸਬ ਡਵੀਜ਼ਨ ਬੰਗਾ ਦੇ ਡੀ ਐਸ ਪੀ ਸਰਵਣ ਸਿੰਘ ਬੱਲ, ਮਹਿੰਦਰ ਸਿੰਘ ਐੱਸ ਐੱਚ ਓ ਬੰਗਾ, ਗਾਇਕ ਰਾਜਾ ਸਾਵਰੀ ਤੇ ਪੰਜਾਬੀ ਗਾਇਕ ਬੂਟਾ ਮੁਹੰਮਦ ਨੇ ਵੀ ਸੰਬੋਧਨ ਕੀਤਾ l
ਇਸ ਮੌਕੇ ਤੇ ਹੰਸ ਰਾਜ ਬੰਗਾ,
ਸੁਰਜੀਤ ਰੱਤੂ, ਪ੍ਰਤਾਪ ਸਿੰਘ ਬੰਗਾ, ਠਾਕੁਰ ਸੁਮਨ, ਦਵਿੰਦਰ ਬੰਗਾ, ਜਗਨ ਨਾਥ, ਚੰਦ, ਕ੍ਰਿਸ਼ਨ ਬੰਗਾ, ਮਲਕੀਤ ਸਿੰਘ ਖਟਕੜ, ਮੁਕੇਸ਼ ਬੰਗਾ, ਨੰਬਰਦਾਰ ਬਲਵਿੰਦਰ ਸਿੰਘ ਬਚਰਾ, ਸਰਪੰਚ ਕੁਲਵਿੰਦਰ ਕੁਮਾਰ, ਸਰਪੰਚ ਜਗਨ ਨਾਥ, ਸਰਪੰਚ ਲੱਡੂ ਰਾਮ, ਸਰਪੰਚ ਅਮਨਦੀਪ ਸਿੰਘ, ਸਰਪੰਚ ਬਸ਼ੰਬਰ ਲਾਲ, ਸਰਪੰਚ ਮਨਜੀਤ ਕੌਰ, ਸਰਪੰਚ ਅਵਤਾਰ ਸਿੰਘ, ਸਾਬਕਾ ਸਰਪੰਚ ਮਦਨ ਲਾਲ ਬੰਗਾ, ਪੰਚ ਸੰਤੋਖ ਸਿੰਘ, ਹਰਨਾਮ ਦਾਸ, ਪੰਚ ਬਲਬੀਰ ਚੰਦ, ਪੰਚ ਪਰਵਿੰਦਰ ਸਿੰਘ ਖਟਕੜ, ਪੰਚ ਸੁਰਿੰਦਰ ਕੌਰ, ਇੰਦਰ ਸਿੰਘ ਮਾਨ, ਬਲਬੀਰ ਸਿੰਘ ਕਰਨਾਣਾ, ਸਾਗਰ ਅਰੋੜਾ, ਸੁਰਿੰਦਰ ਸਿੰਘ ਢੀਂਡਸਾ, ਅਮਰੀਕ ਸਿੰਘ ਖਟਕੜ, ਕੁਲਦੀਪ ਸਿੰਘ ਖਟਕੜ, ਗੋਬਿੰਦ ਰਾਇ ਬੰਗਾ ਤੇ ਆਲੇ – ਦੁਆਲੇ ਦੇ ਪਿੰਡਾਂ ਦੇ ਸਰਪੰਚਾਂ ਅਤ ਪੰਚਾਇਤਾਂ ਨੇ ਸ਼ਮੂਲੀਅਤ ਕੀਤੀl ਸਰਪੰਚ ਤੀਰਥ ਰੱਤੂ ਨੇ ਪੁਲਿਸ ਪ੍ਰਸ਼ਾਸ਼ਨ, ਪਿੰਡ ਤੇ ਕਲੱਬ ਵਾਲਿਆਂ ਦੀ ਸਮਾਗਮ ਨੂੰ ਸਫ਼ਲ ਬਣਾਉਣ ਲਈ ਸ਼ਲਾਘਾ ਕੀਤੀ l

You May Also Like