*ਹੁਣ ਵਿਜੀਲੈਂਸ ਨੇ ਸਮੂਹ ਦੇ ਮੁਖੀ ਬਰਜਿੰਦਰ ਸਿੰਘ ਹਮਦਰਦ ਨੂੰ 29 ਮਈ 2023 ਨੂੰ ਹਾਜ਼ਿਰ ਹੋਣ ਲਈ ਆਖਿਆ
ਜਲੰਧਰ/ ਮੈਟਰੋ ਐਨਕਾਊਂਟਰ ਬਿਊਰੋ
ਜਿਲੇ ਦੇ ਕਰਤਾਰਪੁਰ ਸਥਿਤ ਜੰਗ ਏ ਅਜਾਦੀ ਯਾਦਗਾਰ ਨੂੰ ਲੈਕੇ ਅਜੀਤ ਮੀਡਿਆ ਸਮੂਹ ਅਤੇ ਪੰਜਾਬ ਸਰਕਾਰ ਵਿਚਕਾਲੇ ਸ਼ੁਰੂ ਹੋਈ ਜੰਗ ਹੁਣ ਹੋਰ ਭਖਣ ਵਾਲੀ ਹੈ। ਸਮਾਰਕ ਦੀ ਉਸਾਰੀ ਆਦਿ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ ਲਾਉਣ ਪਿੱਛੋਂ ਪੰਜਾਬ ਪੁਲਿਸ ਦੇ ਵਿਜੀਲੈਂਸ ਵਿੰਗ ਵਲੋਂ ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖੀ ਸਰਦਾਰ ਬਰਜਿੰਦਰ ਸਿੰਘ ਹਮਦਰਦ ਦੇ ਕਰੀਬੀ, ਪੰਜਾਬ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਅਤੇ ਸਮਾਰਕ ਦੇ ਪ੍ਰਬੰਧਕੀ ਮੈਂਬਰਾਂ ਵਿੱਚ ਸ਼ੁਮਾਰ ਰਹੇ ਸਰਦਾਰ ਲਖਵਿੰਦਰ ਸਿੰਘ ਜੌਹਲ ਨੂੰ ਤਲਬ ਕਰਣ ਤੋਂ ਬਾਅਦ ਹੁਣ ਵਿਜੀਲੈਂਸ ਨੇ ਸਮਾਰਕ ਦੇ ਮੈਂਬਰ ਸਕੱਤਰ ਅਤੇ ਸਮਾਰਕ ਦੀ ਯਾਦਗਾਰੀ ਕਮੇਟੀ ਦੇ ਪ੍ਰਧਾਨ ਰਹੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁਖੀ ਸਰਦਾਰ ਬਰਜਿੰਦਰ ਸਿੰਘ ਨੂੰ ਵੀ ਵਿਜੀਲੈਂਸ ਨੇ ਤਲਬ ਕਰ ਲਿਆ ਹੈ। ਇੰਸ ਗਲ ਦੀ ਪੁਸ਼ਟੀ ਬਰਜਿੰਦਰ ਸਿੰਘ ਦੇ ਨੇੜਲੇ ਸੂਤਰਾਂ ਵੀ ਕੀਤੀ ਹੈ।
ਜਾਣਕਾਰੀ ਮੁਤਾਬਕ ਭਾਂਵੇ ਬਰਜਿੰਦਰ ਸਿੰਘ ਤੇ ਫਿਲਹਾਲ ਕੋਈ ਸਿੱਧੇ ਦੋਸ਼ ਨਹੀਂ ਲਾਏ ਗਏ ਪਰ ਉਪਰੋਕਤ ਮਾਮਲੇ ਵਿੱਚ ਉਹਨਾਂ ਤੋਂ ਪੁੱਛ ਪੜਤਾਲ ਲਈ ਉਹਨਾਂ ਨੂੰ 29 ਮਈ 2023 ਨੂੰ ਵਿਜੀਲੈਂਸ ਦੇ ਜਲੰਧਰ ਵਿਖੇ ਸਥਿਤ ਦਫਤਰ ਵਿੱਚ ਹਾਜਰ ਹੋਣ ਲਈ ਆਖਿਆ ਗਿਆ ਹੈ।
ਜਿਕਰ ਯੋਗ ਹੈ ਕਿ ਇਹ ਮਸਲਾ ਪੰਜਾਬ ਸਰਕਾਰ ਵਲੋਂ ਅਜੀਤ ਸਮੂਹ ਅਤੇ ਉਸਦੇ ਵਿਚਾਲੇ ਅਜੀਤ ਵਲੋਂ ਪੱਤਰਕਾਰੀ ਦੇ ਸਿਧਾਂਤਕ ਪਖੋਂ ਸ਼ੁਰੂ ਹੋਏ ਵਿਵਾਦ ਵਿੱਚ ਸਰਕਾਰ ਵਲੋਂ ਕਥਿਤ ਰੂਪ ਵਿੱਚ ਅਜੀਤ ਅਖਬਾਰ ਦੇ ਇਸ਼ਤਿਹਾਰਾਂ ਬੰਦ ਕੀਤੇ ਜਾਣ ਉਪਰੰਤ ਉਜਾਗਰ ਕੀਤਾ ਗਿਆ ਸੀ।
ਅਜੀਤ ਦੇ ਸੰਪਾਦਕ ਅਤੇ ਸੰਪਾਦਕੀ ਵਿਭਾਗ ਵਲੋਂ ਇਸ ਨੂੰ ਅਜੀਤ ਤੇ ਹਮਲਾ ਕਰਾਰ ਦੇਣ ਦੇ ਨਾਲ ਹੀ ਸਰਕਾਰ ਨੇ ਜੰਗ ਏ ਅਜਾਦੀ ਯਾਦਗਾਰ ਦੀ ਉਸਾਰੀ ਆਦਿ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਲਾਏ ਗਏ। ਹਮਦਰਦ ਨੇ ਇਸ ਵਿਸ਼ੇ ਵਿੱਚ ਆਪਣੇ ਸੰਪਾਦਕੀ ਲੇਖ ਵਿੱਚ ਸਾਰਾ ਬਿਉਰਾ ਪਾਰਦਰਸ਼ਤਾ ਨਾਲ ਰੱਖਣ ਦੇ ਨਾਲ ਹੀ ਸਰਕਾਰ ਦੇ ਕਾਰੇ ਨੂੰ ਸ਼ਹੀਦਾਂ ਦਾ ਅਪਮਾਨ ਦੱਸਦੇ ਹੋਏ ਯਾਦਗਾਰ ਦੇ ਨਾਲ ਜੁੜੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਲਖਵਿੰਦਰ ਜੌਹਲ ਨੇ ਵਿਜੀਲੈਂਸ ਦੇ ਬੁਲਾਵੇ ਤੇ ਜਾਕੇ ਆਪਣਾ ਪੱਖ ਰੱਖਿਆ ਸੀ।
ਇਸੇ ਘਟਨਾਕ੍ਰਮ ਦੌਰਾਨ ਬਰਜਿੰਦਰ ਸਿੰਘ ਹੋਰਾਂ ਦੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਦਿੱਲੀ ਵਿਖੇ ਹੋਈ ਮਹੱਤਵਪੂਰਨ ਨਿਜੀ ਮੁਲਾਕਾਤ ਹੋਈ ਜਿਸ ਨਾਲ ਕਈ ਨਵੀਆਂ ਕਿਆਸ ਅਰਾਈਆਂ ਵੀ ਲਾਈਆਂ ਜਾ ਰਹੀਆਂ ਹਨ।
ਹੁਣ ਵਿਜੀਲੈਂਸ ਵਲੋਂ ਬਰਜਿੰਦਰ ਸਿੰਘ ਹਮਦਰਦ ਨੂੰ ਤਲਬ ਕਰਣ ਤੋਂ ਬਾਅਦ ਇਹ ਸਾਫ ਦਿਸ ਰਿਹਾ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਆਪਣੇ ਫੈਸਲੇ ਦਾ ਸਪਸ਼ਟ ਸੁਨੇਹਾ ਦੇਣ ਦੇ ਇਰਾਦੇ ਨਾਲ।ਪੰਜਾਬੀ ਦੇ ਸਭ ਤੋਂ ਵੱਡੇ ਮੀਡੀਆ ਸਮੂਹ ਨਾਲ ਸਿੱਧੀ ਟੱਕਰ ਦੇ ਮੂਡ ਵਿੱਚ ਵੀ ਹੈ। ਬਰਜਿੰਦਰ ਸਿੰਘ ਹੋਰਾਂ ਨੂੰ ਤਲਬ ਕਰਣ ਦਾ ਇਹ ਫੈਸਲਾ ਬੀਤੇ ਦਿਨ ਉਹਨਾਂ ਵਲੋਂ ਲਿਖੇ ਗਏ ਅਤੇ ਅਜੀਤ ਅਖਬਾਰ ਦੇ ਸੰਪਾਦਕੀ ਸਫੇ ਤੇ ਛਾਪੇ ਗਏ ਸਰਕਾਰ ਦੀ ਨੁਕਤਾਚੀਨੀ ਵਾਲੇ ਮੁੱਖ ਲੇਖ ਤੋਂ ਬਾਅਦ ਲਿਆ ਗਿਆ ਜਾਪ ਰਿਹਾ ਹੈ।
ਜਿਕਰ ਯੋਗ ਹੈ ਕਿ ਯਾਦਗਾਰੀ ਸਮਾਰਕ ਦੀ ਉਸਾਰੀ ਅਕਾਲੀ ਦਲ ਭਾਜਪਾ ਸਰਕਾਰ ਦੇ ਸਮੇ ਹੋਈ ਸੀ ਅਤੇ ਬਰਜਿੰਦਰ ਸਿੰਘ ਹਮਦਰਦ ਨੂੰ ਇਸ ਨੂੰ ਚਲਾਉਣ ਦੀ ਜਿੰਮੇਵਾਰੀ ਦਿੱਤੀ ਗਈ ਸੀ ਉਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਰਾਜ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਆਪਣੀ ਜਿੰਮਵਾਰੀ ਨਿਭਾਉਣ ਨੂੰ ਜਾਰੀ ਰੱਖਣ ਦੀ ਬੇਨਤੀ ਕਰਦਿਆਂ ਯਾਦਗਾਰ ਦੀ ਪ੍ਰਵਾਨਗੀ ਸਮਾਜ ਵਿੱਚ ਵਧਣ ਅਤੇ ਮਰਿਯਾਦਾ ਅਨੁਸਾਰ ਹੋਣ ਤੇ ਸੰਤੋਖ ਪ੍ਰਗਟ ਕੀਤਾ ਸੀ।
ਜਿਕਰ ਯੋਗ ਹੈ ਬਰਜਿੰਦਰ ਸਿੰਘ ਹੋਰਾਂ ਬੀਤੇ ਸਮੇਂ ਵਿੱਚ ਵੀ ਸਿਧਾਂਤਾਂ ਤੇ ਪਹਿਰਾ ਦੇਣ ਖਾਤਿਰ ਵੱਡੇ ਵੱਡੇ ਸਰਕਾਰੀ ਸਨਮਾਨ ਵਾਪਸ ਕਰ ਦਿੱਤੇ ਸਨ।