ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਪੰਥ ਬੋਰਡ ਬਣਾਉਣ ਦਾ ਕੀਤਾ ਐਲਾਨ

*ਸ਼੍ਰੋਮਣੀ ਕਮੇਟੀ ਦੀ ਪੁਰਾਤਨ ਸ਼ਾਨ ਨੂੰ ਬਹਾਲ ਕਰਵਾਉਣ ਦਾ ਲਿਆ ਪ੍ਰਣ
ਪੰਥਕ ਏਜੰਡਾ ਪੇਸ਼ ਕਰਕੇ ਸੰਗਤਾਂ ਤੋਂ ਲਈ ਸਹਿਮਤੀ

*ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਦੀ ਤਿਆਰੀ ਕਰਨ ਦਾ ਦਿੱਤਾ ਸੱਦਾ

                 

                  ਬੇਗੋਵਾਲ/ਮੈਟਰੋ ਐਨਕਾਊਂਟਰ ਬਿਊਰੋ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਥਕ ਸੰਸਥਾਵਾਂ ਨੂੰ ਇੱਕ ਪਰਿਵਾਰ ਦੀ ਅਜਾਰੇਦਾਰੀ ਤੋਂ ਮੁਕਤ ਕਰਵਾਉਣ ਦੀ ਸ਼ੁਰੂਆਤ ਕਰਦਿਆ ‘ਸ਼੍ਰੋਮਣੀ ਅਕਾਲੀ ਪੰਥ ਬੋਰਡ’ ਬਣਾਉਣ ਦਾ ਐਲਾਨ ਕੀਤਾ ਹੈ।

ਸੰਤ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਵਿੱਚ ਕਰਵਾਏ 73 ਵੇਂ ਸਮਾਗਮ ਦੌਰਾਨ ਅੱਜ ਇੱਥੇ ਸੰਗਤਾਂ ਦੇ ਵੱਡੇ ਇੱਕਠ ਨੂੰ ਸੰਬੋਧਨ ਕਰਦਿਆ ਬੀਬੀ ਜਗੀਰ ਕੌਰ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਕਿਹਾ ਕਿ ‘ਸ਼੍ਰੋਮਣੀ ਅਕਾਲੀ ਪੰਥ ਬੋਰਡ’ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜ ਕੇ ਪੰਥਕ ਸੰਸਥਾਵਾਂ ਦੀਆਂ ਪੁਰਾਤਨ ਸ਼ਾਨ ਬਹਾਲ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਏਗਾ।

ਜ਼ਿਕਰਯੋਗ ਹੈ ਕਿ ਬੀਬੀ ਜਗੀਰ ਕੌਰ ਨੇ ਨਵੰਬਰ 2022 ਵਿੱਚ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਲਈ ਚੋਣ ਲੜਕੇ ਜਿੱਥੇ ਉਨ੍ਹਾਂ ਨੇ ਲਿਫਾਫੇ ਕਲਚਰ ਨੂੰ ਖਤਮ ਕੀਤਾ ਉਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਖੁੱਲੀ ਵੰਗਾਰ ਦਿੱਤੀ ਸੀ।
ਪੰਥਕ ਸਿਆਸਤ ਨੂੰ ਸਮਝਣ ਵਾਲੇ ਮਾਹਰਾਂ ਦਾ ਮੰਨਣਾ ਹੈ ਕਿ ਬੀਬੀ ਜਗੀਰ ਕੌਰ ਦੀ ਸਰਗਰਮੀ ਨੇ ਪੰਥਕ ਸਿਆਸਤ ਵਿੱਚ ਆਈ ਖੋੜਤ ਨੂੰ ਤੋੜ ਦਿੱਤਾ ਹੈ।ਉਨ੍ਹਾਂ ਆਪਣੇ ਅੱਧੇ ਘੰਟੇ ਦੇ ਭਾਸ਼ਣ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਵੱਧੀ ਸਿਆਸੀ ਦਖ਼ਲਅੰਦਾਜ਼ੀ `ਤੇ ਤਿੱਖੇ ਹਮਲੇ ਕੀਤੇ । ਬੀਬੀ ਜਗੀਰ ਕੌਰ ਨੇ ਸਿੱਖ ਸਿਆਸਤ ‘ਤੇ ਧਰਮ ਦਾ ਕੁੱੰਡਾ ਰੱਖਣ ਦਾ ਪ੍ਰਣ ਵੀ ਲਿਆ।ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਸਭ ਤੋਂ ਪਹਿਲਾਂ ਆਪਣੀਆਂ ਵੋਟਾਂ ਬਣਾਉਣ ਦਾ ਕੰਮ ਵਿੱਚ ਜੁੱਟ ਜਾਣ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਪੰਥਕ ਏਜੰਡੇ ਦਾ ਜ਼ਿਕਰ ਕਰਦਿਆ ਕਿਹਾ ਕਿ ਇਹ ਬੋਰਡ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦੀ ਨਿਯੁਕਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਖੁਦਮੁਖਤਿਆਰ ਬਣਾਉਣ ਤੇ ਉਸ ਵਿੱਚ ਸਿਆਸੀ ਦਖ਼ਲ ਅੰਦਾਜ਼ੀ ਨੂੰ ਰੋਕਣ ਕਰਨ ਵਰਗੇ ਕਾਰਜਾਂ ਨੂੰ ਪਹਿਲ ਦੇ ਅਧਾਰ ‘ਤੇ ਕੰਮ ਕਰੇਗਾ।ਬੀਬੀ ਜਗੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਹਰ ਸਾਹ ਪੰਥਕ ਸੰਸਥਾਵਾਂ ਨੂੰ ਮਜ਼ਬੂਤੀ ਹੋਵੇਗਾ।

ਉਨ੍ਹਾਂ ਇਤਿਹਾਸ ਦਾ ਹਵਾਲਾ ਦਿੰਦਿਆ ਕਿਹਾ ਕਿ 15 ਨਵੰਬਰ 1920 ਵਿੱਚ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ ਤਾਂ ਜੋ ਮਹੰਤਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਇਆ ਜਾ ਸਕੇ। ਉਸ ਦੇ ਇੱਕ ਮਹੀਨੇ ਬਾਅਦ ਭਾਵ 14 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਬਣਾਇਆ ਗਿਆ ਸੀ ਤਾਂ ਜੋ ਉਹ ਸ਼੍ਰੋਮਣੀ ਕਮੇਟੀ ਦੀ ਮੱਦਦ ਕਰ ਸਕੇ ਪਰ ਅਫਸੋਸ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਖ ਪੰਥ ਦੀ ਸਿਰਮੌਰ ਜੱਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਆਪਣਾ ਵਿੰਗ ਹੀ ਬਣਾਇਆ ਹੋਇਆ ਹੈ।

ਬਾਦ ਵਿੱਚ ਬੀਬੀ ਜਗੀਰ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ 1984 ਨੂੰ ਇੰਨ੍ਹਾਂ ਦਿਨਾਂ ਵਿੱਚ ਹੀ ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਉਸ ਵੇਲੇ ਦੀ ਕਾਂਗਰਸ ਹਕੂਮਤ ਨੇ ਬੇਗੁਨਾਹ ਸ਼ਰਧਾਂਲੂਆਂ ਦਾ ਕਤਲ ਕੀਤਾ ਸੀ।ਉਨ੍ਹਾਂ ਸਾਕਾ ਨੀਲਾ ਤਾਰਾ ਵਿੱਚ ਸ਼ਹੀਦ ਹੋਣ ਵਾਲੇ ਸਿੱਖਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਪੰਥਕ ਸੰਸਥਾਵਾਂ ਨੂੰ ਅਜ਼ਾਦ ਕਰਵਾਉਣਾ `ਸ਼੍ਰੋਮਣੀ ਅਕਾਲੀ ਪੰਥ ਬੋਰਡ` ਦਾ ਪਹਿਲਾਂ ਨਿਸ਼ਾਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਪਿਛਲੇ 25 ਸਾਲਾਂ ਦੌਰਾਨ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿੱਚ ਜ਼ਬਰਦਸਤ ਨਿਘਾਰ ਆਇਆ ਹੈ।ਪਿਛਲੇ ਕੁਝ ਸਾਲਾਂ ਵਿੱਚ ਸ਼੍ਰੋਮਣੀ ਕਮੇਟੀ ਅਤੇ ਪੰਥ ਵਿਚਲੇ ਵਿਦਵਾਨ ਸੱਜਣਾਂ ਵਿਚਾਲੇ ਦੂਰੀ ਵਧੀ ਹੈ। ਬਹੁਤ ਸਾਰੇ ਸੁਹਿਰਦ ਵਿਦਵਾਨਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਦੀ ਕੀਤੀ ਜਾਂਦੀ ਆਲੋਚਨਾ ਨੂੰ ਕਮੇਟੀ ਦੇ ਵਿਰੋਧੀਆਂ ਵਜੋਂ ਨਹੀਂ ਲੈਣਾ ਚਾਹੀਦਾ।

ਉਨ੍ਹਾਂ ਕਿਹਾ ਕਿ ਜਦੋਂ ਸ਼੍ਰੋਮਣੀ ਕਮੇਟੀ ਮੋਰਚਿਆਂ ਵਿੱਚ ਹਿੱਸਾ ਲੈਂਦੀ ਸੀ ਤਾਂ ਕਮੇਟੀ ਦਾ ਪ੍ਰਧਾਨ ਅਸਤੀਫਾ ਦੇ ਕੇ ਜੇਲ੍ਹ ਚਲਿਆ ਜਾਂਦਾ ਸੀ ਤੇ ਦੂਜਾ ਆਗੂ ਸ਼੍ਰੋਮਣੀ ਕਮੇਟੀ ਦੀ ਕਮਾਂਡ ਸੰਭਾਲਦਾ ਸੀ ਪਰ ਹੁਣ ਪੰਥਕ ਸੰਸਥਾਵਾਂ ‘ਤੇ ਕਬਜ਼ਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ 1920 ਵਿੱਚ ਸ਼੍ਰੋਮਣੀ ਕਮੇਟੀ ਉਸ ਵੇਲੇ ਮਸੰਦਾਂ ਤੋਂ ਗੁਰੂ ਘਰਾਂ ਨੂੰ ਆਜ਼ਾਦ ਕਰਵਾਇਆ ਗਿਆ ਸੀ ਤੇ ਅੱਜ ਜਦੋਂ ਸ਼੍ਰੋਮਣੀ ਕਮੇਟੀ ਆਪਣੇ 100 ਸਾਲ ਪੂਰੇ ਕਰਕੇ ਅੱਗੇ ਵੱਧ ਰਹੀ ਹੈ ਤਾਂ ਇਸ ਦੇ ਕੰਮਾਂ ਵਿੱਚ ਅਕਾਲੀ ਦਲ ਦੇ ਲੀਡਰਾਂ ਦੀ ਹੱਦੋਂ ਵੱਧ ਸਿਆਸੀ ਦਖਲਅੰਦਾਜ਼ੀ ਨੇ ਸਿੱਖ ਕੌਮ ਨੂੰ ਬਹੁਤ ਸਾਰੇ ਮੌਕਿਆਂ `ਤੇ ਸ਼ਰਮਸਾਰ ਕੀਤਾ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਪੰਥਕ ਬੋਰਡ ਪੂਰੀ ਸੁਹਿਰਦਤਾ ਨਾਲ ਕੰਮ ਕਰੇਗਾ।

ਸਿੱਖ ਇਤਿਹਾਸਕ ਵਿਰਾਸਤ ਦੀ ਸਾਂਭ ਸੰਭਾਲ।

ਉਨ੍ਹਾਂ ਕਿਹਾ ਕਿ ਪਹਿਲਾਂ ਹੀ ਬਹੁਤ ਸਾਰੀ ਸਿੱੱਖ ਵਿਰਾਸਤ ਦਾ ਨੁਕਸਾਨ ਹੋ ਚੁੱਕਿਆ ਹੈ । ਸ਼੍ਰੋਮਣੀ ਅਕਾਲੀ ਪੰਥ ਬੋਰਡ ਦਾ ਇਹ ਯਤਨ ਹੋਵੇਗਾ ਕਿ ਸਿੱਖ ਇਤਿਹਾਸ ਨਾਲ ਸਬੰਧਤ ਬਚੀਆਂ ਨਿਸ਼ਾਨੀਆਂ ਅਤੇ ਵਿਰਾਸਤ ਨੂੰ ਉਨ੍ਹਾਂ ਦੇ ਵੱਧ ਤੋਂ ਵੱਧ ਮੂਲ ਰੂਪ ਵਿੱਚ ਸਾਂਭਿਆ ਜਾਵੇ।ਇਸ ਕਾਰਜ ਲਈ

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਹੈਰੀਟੇਜ ਕਮਿਸ਼ਨ ਵੀ ਬਣਾਇਆ ਜਾਵੇਗਾ
ਸ਼੍ਰੋਮਣੀ ਕਮੇਟੀ ਦੇ ਵੱਖੋ ਵੱਖਰੇ ਸੇਵਾ ਕਾਰਜਾਂ ਜਿਵੇਂ ਸਿੱਖਿਆ ਅਤੇ ਸਿਹਤ ਲਈ ਵੱਖ ਵੱਖ ਖੇਤਰਾਂ ਵਿੱਚ ਉੱਘਾ ਯੋਗਦਾਨ ਪਾ ਚੁੱਕੇ ਸਿੱਖਾਂ ਦੀ ਸਲਾਹ ਅਤੇ ਸੇਵਾਵਾਂ ਲਈਆਂ ਜਾਣਗੀਆਂ।।ਸੌਦਾ ਸਾਧ ਦੇ 2007 ਵਾਲੇ ਸਵਾਂਗ ਰਚਣ ਵਾਲੇ ਕੇਸ ਤੋਂ ਲੈ ਕੇ ਬੇਅਦਬੀ ਦੇ ਕੇਸਾਂ ਤੱਕ ਸ਼੍ਰੋਮਣੀ ਕਮੇਟੀ ਦੇ ਜਿਸ ਤਰ੍ਹਾਂ ਦੇ ਵੀ ਰੋਲ ਨਿਭਾਉਣ ਦੀ ਲੋੜ ਹੋਈ, ਉਹ ਯਕੀਨੀ ਬਣਾਇਆ ਜਾਵੇਗਾ।

You May Also Like