* ਵੰਡੇ ਜਾਣ ਦਾ ਦਰਦ ਅੱਜ ਵੀ ਆਪਣੇ ਪਿੰਡੇ ‘ਤੇ ਹੰਢਾ ਰਹੇ ਨੇ ਦੋਵਾਂ ਮੁਲਕਾਂ ਦੇ ਲੋਕ
* ਭਾਰਤ-ਪਾਕਿਸਤਾਨ ਵੰਡ ਸਮੇਂ ਦੇ ਸਿਆਸਤਦਾਨਾਂ ਨੇ ਕੀਤੀ ਵੱਡੀ ਗਲਤੀ, ਅੰਗਰੇਜ਼ ਹਾਕਮਾਂ ਦੇ ਹੱਥਠੋਕੇ ਬਨੇ
*ਜਲੰਧਰ ‘ਚ ਪੱਤਰਕਾਰਾਂ ਦੇ ਰੂਬਰੂ ਹੋਏ ਪਾਕਿਸਤਾਨੀ ਮੂਲ ਦੇ ਪ੍ਰਸਿੱਧ ਸਵੀਡੀਸ਼ ਸਿਆਸੀ ਵਿਗਿਆਨਿਕ ਇਸ਼ਤੀਆਕ ਅਹਿਮਦ
ਜਲੰਧਰ/ ਮੈਟਰੋ ਐਨਕਾਊਂਟਰ ਬਿਊਰੋ
-ਭਾਰਤ ਦੀ ਵੰਡ ਬਾਰੇ ਕਈ ਖੋਜ ਭਰਪੂਰ ਪੁਸਤਕਾਂ ਲਿਖਣ ਵਾਲੇ ਸਵੀਡਨ ਵਸਦੇ ਪਾਕਿਸਤਾਨੀ ਮੂਲ ਦੇ ਪ੍ਰਸਿੱਧ ਜ਼ਿਆਸੀ ਵਿਗਿਆਨਿਕ ਤੇ ਬੁੱਧੀਜੀਵੀ ਜਨਾਬ ਇਸ਼ਤਿਆਕ ਅਹਿਮਦ ਨੇ ਕਿਹਾ ਹੈ ਕਿ ਜੇਕਰ ਅੰਗਰੇਜ਼ ਹਕੂਮਤ ਚਾਹੁੰਦੀ ਤਾਂ ਭਾਰਤ ਦੀ ਵੰਡ ਕਦੇ ਵੀ ਨਾ ਹੁੰਦੀ ਤੇ ਦੋਵੇਂ ਮੁਲਕ ਲਹੂ ਲੁਹਾਨ ਹੋਣ ਤੋਂ ਬਚ ਜਾਂਦੇ, ਪਰ ਇਸ ਵੰਡ ਲਈ ਇਕੱਲੇ ਅੰਗਰੇਜ਼ ਹਕੂਮਤ ਹੀ ਜ਼ਿੰਮੇਵਾਰ ਨਹੀਂ ਸੀ ਬਲਕਿ ਉਸ ਸਮੇਂ ਦੇ ਕਈ ਭਾਰਤੀ ਸਿਆਸਤਦਾਨਾਂ ਨੇ ਵੀ ਆਪਣੇ ਨਿੱਜੀ ਹਿੱਤਾਂ ਤੇ ਸਵਾਰਥਾਂ ਲਈ ਦੋਵਾਂ ਮੁਲਕਾਂ ਨੂੰ ਵੰਡ ਦੀ ਭੱਠੀ ‘ਚ ਸੁੱਟ ਦਿੱਤਾ ਤੇ ਲੱਖਾਂ ਲੋਕ ਨਫਰਤ ਦੀ ਇਸ ਅੱਗ ‘ਚ ਝੁਲਸ ਕੇ ਸਵਾਹ ਹੋ ਗਏ ਤੇ ਕਰੋੜਾਂ ਲੋਕ ਅੱਜ ਵੀ ਇਸ ਵੰਡ ਦਾ ਸੰਤਾਪ ਆਪਣੇ ਪਿੰਡੇ ‘ਤੇ ਹੰਢਾਉਣ ਲਈ ਮਜ਼ਬੂਰ ਹਨ।
ਅੱਜ ਇੱਥੇ ਪੰਜਾਬ ਪ੍ਰੈੱਸ ਕਲੱਬ ਵਲੋਂ ਉਨ੍ਹਾਂ ਦੇ ਸਨਮਾਨ ‘ਚ ਕਰਵਾਏ ਗਏ ਇਕ ਰੂਬਰੂ ਪ੍ਰੋਗਰਾਮ ‘ਚ ਬੋਲਦਿਆਂ ਇਸ਼ਤਿਆਕ ਅਹਿਮਦ ਨੇ ਕਿਹਾ ਕਿ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਦੀਆਂ ਆਪਣੀਆਂ ਇੱਛਾਵਾਂ ਵੀ ਵੰਡ ਲਈ ਵੱਡੇ ਤੌਰ ਤੇ ਜ਼ਿੰਮੇਵਾਰ ਸਨ ਤੇ ਉਹ ਇਸ ਬਾਰੇ ਪਾਕਿਸਤਾਨ ‘ਚ ਅਕਸਰ ਬੋਲਦੇ ਹੀ ਨਹੀਂ ਰਹੇ ਸਗੋਂ ਉਨ੍ਹਾਂ ਨੇ ਇਸ ਗੱਲ ਦਾ ਖੁਲਾਸਾ ਮੁਹੰਮਦ ਅਲੀ ਜਿਨਾਹ ਬਾਰੇ ਲਿਖੀ ਆਪਣੀ ਪੁਸਤਕ ਵਿਚ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਪ੍ਰਮਾਣਿਕ ਬਣਾਉਣ ਲਈ ਉਨ੍ਹਾਂ ਨੂੰ 11 ਸਾਲ ਮਿਹਨਤ ਕਰਨੀ ਪਈ ਤੇ ਉਨ੍ਹਾਂ ਵੰਡ ਦੌਰਾਨ ਹੋਏ ਕਤਲੇਆਮ ਨੂੰ ਆਪਣੀਆਂ ਅੱਖਾਂ ਨਾਲ ਦੇਖਣ ਵਾਲੀਆਂ ਕਈ ਅਜਿਹੀਆਂ ਸਖਸ਼ੀਅਤਾਂ ਨਾਲ ਖੁਦ ਮੁਲਾਕਾਤ ਵੀ ਕੀਤੀ ਤੇ ਕਈ ਹੋਰਨਾਂ ਇਤਿਹਾਸਕਾਰਾਂ ਦੇ ਹਵਾਲੇ ਵੀ ਲਏ।
ਇਸ ਮੌਕੇ ਇਸ਼ਤਿਆਕ ਅਹਿਮਦ ਨੇ ਵੰਡ ਦੇ ਕਾਰਨਾਂ ਅਤੇ ਇਸ ਦੇ ਪਿੱਛੇ ਛੁਪੀਆਂ ਤਾਕਤਾਂ ਬਾਰੇ ਖੁੱਲ੍ਹ ਕੇ ਗੱਲ ਕਰਦਿਆਂ ਕਿਹਾ ਕਿ ਇਕ ਪਾਸੇ ਕਾਂਗਰਸ ਜਿੱਥੇ ਇਸ ਵੰਡ ਦੇ ਖਿਲਾਫ ਸੀ, ਉੱਥੇ ਮੁਹੰਮਦ ਅਲੀ ਜਿਨਾਹ ਵਰਗੇ ਆਗੂ ਤੇ ਮੁਸਲਿਮ ਲੀਗ ਅਤੇ ਹਿੰਦੂ ਮਹਾਂਸਭਾ ਵਰਗੀਆਂ ਜਥੇਬੰਦੀਆਂ ਵੀ ਬਰਾਬਰ ਦੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ ਜੇਕਰ ਅੰਗਰੇਜ਼ ਚਾਹੁੰਦੇ ਤਾਂ ਇਸ ਵੰਡ ਨੂੰ ਟਾਲਿਆ ਜਾ ਸਕਦਾ ਸੀ ਪਰ ਉਸ ਵੇਲੇ ਦੀ ਅੰਗਰੇਜ਼ ਹਕੂਮਤ ਅਤੇ ਮੁਸਲਿਮ ਲੀਗ ਦੇ ਆਗੂਆਂ ਵਿਚਕਾਰ ਵੰਡ ਦੀ ਖਿੱਚੜੀ ਕਾਫੀ ਸਮਾਂ ਪਹਿਲਾਂ ਵੀ ਪੱਕਣੀ ਸ਼ੁਰੂ ਹੋ ਗਈ ਸੀ। ਮੁਸਲਿਮ ਲੀਗ ਤੇ ਹਿੰਦੂ ਮਹਾਂਸਭਾ ਦੀ ਧਰਮ ਦੇ ਆਧਾਰ ‘ਤੇ ਦੋ ਵੱਖਰੇ ਮੁਲਕ ਬਣਾਉਣ ਦੀ ਲਾਲਸਾ ਨੂੰ ਅੰਗਰੇਜ਼ਾਂ ਨੇ ਭਾਂਪ ਲਿਆ ਸੀ ਤੇ ਉਨ੍ਹਾਂ ਨੂੰ ਇਹ ਵੀ ਪਤਾ ਲੱਗ ਗਿਆ ਸੀ ਕਿ ਕਾਂਗਰਸ ਰਸ਼ੀਅਨ ਮਾਡਲ ਨੂੰ ਅਪਣਾਉਣਾ ਚਾਹੁੰਦੀ ਹੈ ਤਾਂ ਅੰਗਰੇਜ਼ਾਂ ਨੇ ਇਕ ਤੀਰ ਨਾਲ ਕਈ ਨਿਸ਼ਾਨੇ ਕਰਦੇ ਹੋਏ ਮੁਲਕ ਨੂੰ ਵੰਡ ਦਿੱਤਾ। ਇੱਥੇ ਹੀ ਬੱਸ ਨਹੀਂ ਉਸ ਸਮੇਂ ਕੁੱਝ ਸਿੱਖ ਆਗੂਆਂ ਵਲੋਂ ਸਿੱਖਾਂ ਲਈ ਵੀ ਵੱਖਰੇ ਮੁਲਕ ਦੀ ਮੰਗ ਕੀਤੀ ਗਈ ਸੀ ਪਰ ਸਿੱਖ ਭਾਈਚਾਰੇ ਦੀ ਕਿਸੇ ਵੀ ਸੂਬੇ ‘ਚ ਏਨੀ ਗਿਣਤੀ ਨਹੀਂ ਸੀ ਕਿ ਅੰਗਰੇਜ਼ ਹਕੂਮਤ ‘ਤੇ ਵੱਖਰੇ ਮੁਲਕ ਲਈ ਦਬਾਅ ਪਾਇਆ ਜਾ ਸਕਦਾ।
ਹਾਲਾਂਕਿ ਅੰਗਰੇਜ਼ਾਂ ਨੇ ਵੀ ਕਦੇ ਵੀ ਅਲਗ ਮੁਲਕ ਦੀ ਮੰਗ ਦਾ ਸਮਰਥਨ ਨਹੀਂ ਸੀ ਕੀਤਾ ਪਰ ਇਸ ਸਬੰਧੀ ਮੰਗ ਲਗਾਤਾਰ ਉੱਠਦੀ ਰਹੀ। ਇਸ ਦੌਰਾਨ ਪੱਤਰਕਾਰਾਂ ਅਤੇ ਹੋਰਨਾਂ ਅਮਨ ਪਸੰਦ ਸ਼ਹਿਰੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਵੰਡ ਨੇ ਦੋਵਾਂ ਮੁਲਕਾਂ ਨੂੰ ਲਹੂ ਲੁਹਾਨ ਹੀ ਨਹੀਂ ਕੀਤਾ ਸਗੋਂ ਅਜਿਹੇ ਜ਼ਖਮ ਦਿੱਤੇ ਹਨ, ਜਿਨ੍ਹਾਂ ਨੂੰ ਸਦੀਆਂ ਤੱਕ ਵੀ ਭਰਿਆ ਨਹੀਂ ਜਾ ਸਕਦਾ। ਉਨ੍ਹਾਂ ਆਪਣੇ ਪਰਿਵਾਰ ਵਲੋਂ ਹੰਢਾਏ ਵੰਡ ਦੇ ਸੰਤਾਪ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਮਾਂ ਆਖਰੀ ਸਮੇਂ ਤੱਕ ਵੀ ਵੰਡ ਦੌਰਾਨ ਹੋਏ ਕਤਲੇਆਮ ਦੇ ਸਦਮੇ ‘ਚੋਂ ਬਾਹਰ ਨਹੀਂ ਸੀ ਨਿਕਲ ਸਕੀ। ਇਹੋ ਜਿਹਾ ਹਾਲ ਹੀ ਹੋਰਨਾਂ ਦੋਵਾਂ ਮੁਲਕਾਂ ਦੇ ਲੋਕਾਂ ਦਾ ਹੈ। ਹਾਲਾਂਕਿ ਦੇਸ਼ ਦਾ ਬਟਵਾਰਾ ਜ਼ਮੀਨ ‘ਤੇ ਲਕੀਰ ਤਾਂ ਖਿੱਚ ਗਿਆ ਪਰ ਦੋਵਾਂ ਮੁਲਕਾਂ ਦੇ ਲੋਕਾਂ ਵਿਚਕਾਰ ਆਪਸੀ ਪਿਆਰ ਤੇ ਮੁਹੱਬਤ ਦੇ ਜਜ਼ਬੇ ਨੂੰ ਖਤਮ ਨਹੀਂ ਕਰ ਸਕਿਆ, ਦੋਵਾਂ ਮੁਲਕਾਂ ਦੇ ਲੋਕ ਅੱਜ ਵੀ ਇਕ ਦੂਸਰੇ ਲਈ ਤਾਂਘਦੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਭਾਰਤ ਆਉਂਦੇ ਹਨ ਤਾਂ ਉਨ੍ਹਾਂ ਨੂੰ ਇੱਥੋਂ ਦੇ ਲੋਕਾਂ ਵਲੋਂ ਮਣਾਂ ਮੂੰਹੀਂ ਪਿਆਰ ਹੀ ਨਹੀਂ ਮਿਲਦਾ ਸਗੋਂ ਇਕ ਅਪਣੱਤ ਤੇ ਆਪਣੇਪਨ ਦਾ ਅਹਿਸਾਸ ਵੀ ਹੁੰਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਦੇ ਮੌਜੂਦਾ ਹਾਲਾਤ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜੇਕਰ ਵੰਡ ਨਾ ਹੋਈ ਹੁੰਦੀ ਤਾਂ ਭਾਰਤ ਦੁਨੀਆਂ ਦਾ ਸਭ ਤੋਂ ਤਾਕਤਵਰ ਮੁਲਕ ਹੁੰਦਾ ਪਰ ਅੱਜ ਪਾਕਿਸਤਾਨ ਅੰਦਰ ਅਰਾਜਕਤਾ ਦਾ ਮਾਹੌਲ ਹੈ ਤੇ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਲੋਕ ਬਦਤਰ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਦੋਵੇਂ ਮੁਲਕਾਂ ਵਿਚਕਾਰ ਆਪਸੀ ਸਬੰਧ ਸੁਖਾਵੇਂ ਹੁੰਦੇ ਹਨ ਅਤੇ ਅਮਨ ਤੇ ਦੋਸਤੀ ਦਾ ਵਾਤਾਵਰਣ ਬਣਦਾ ਹੈ ਤਾਂ ਇਸ ਦਾ ਸਭ ਤੋਂ ਵੱਡਾ ਫਾਇਦਾ ਦੀਵਾਲੀਏ ਹੋ ਚੁੱਕੇ ਪਾਕਿਸਤਾਨ ਦੀ ਆਰਥਿਕਤਾ ਨੂੰ ਮਿਲ ਸਕਦਾ ਹੈ। ਉਨ੍ਹਾਂ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਲਈ ਦੂਆ ਕਰਨ ਦਾ ਵੀ ਸੱਦਾ ਦਿੱਤਾ।
ਇਸ ਤੋਂ ਪਹਿਲਾਂ ਉੱਘੇ ਪੱਤਰਕਾਰ ਤੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਜਨਾਬ ਇਸ਼ਤਿਆਕ ਅਹਿਮਦ ਦਾ ਜਲੰਧਰ ਆਉਣ ‘ਤੇ ਸਵਾਗਤ ਕਰਦਿਆਂ ਉਨ੍ਹਾਂ ਬਾਰੇ ਸੰਖੇਪ ‘ਚ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਾਹੌਰ ‘ਚ ਪੈਦਾ ਹੋਏ ਇਸ਼ਤਿਆਕ ਅਹਿਮਦ ਨੇ ਲਾਹੌਰ ਤੋਂ ਇਲਾਵਾ ਸਵੀਡਨ ਦੀਆਂ ਉੱਚ ਵਿੱਦਿਅਕ ਸੰਸਥਾਵਾਂ ਤੋਂ ਸਿੱਖਿਆ ਹੀ ਹਾਸਿਲ ਨਹੀਂ ਕੀਤੀ ਸਗੋਂ ਉਹ ਸਵੀਡਨ ‘ਚ ਪ੍ਰੋਫੈਸਰ ਵਜੋਂ ਪੜ੍ਹਾਉਣ ਦਾ ਕੰਮ ਵੀ ਕਰਦੇ ਰਹੇ ਹਨ। ਉਨ੍ਹਾਂ ਦੀ ਰਾਜਨੀਤਨਕ ਮਸਲਿਆਂ ‘ਤੇ ਵੀ ਚੰਗੀ ਪਕੜ ਹੈ ਤੇ ਹੁਣ ਤੱਕ ਭਾਰਤ-ਪਾਕਿਸਤਾਨ ਵੰਡ ਤੋਂ ਇਲਾਵਾ ਅਨੇਕਾਂ ਹੋਰ ਵਿਸ਼ਿਆਂ ‘ਤੇ ਖੋਜ ਭਰਪੂਰ ਤੇ ਤੱਥਾਂ ‘ਤੇ ਆਧਾਰਿਤ ਪੁਸਤਕਾਂ ਲਿਖ ਚੁੱਕੇ ਹਨ।
ਅਖੀਰ ‘ਚ ਇਸ਼ਤਿਆਕ ਅਹਿਮਦ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦਾ ਸਮਾਗਮ ‘ਚ ਸ਼ਿਰਕਤ ਕਰਨ ‘ਤੇ ਧੰਨਵਾਦ ਕਰਦਿਆਂ ਡਾ. ਲਖਵਿੰਦਰ ਸਿੰਘ ਜੌਹਲ ਨੇ ਜਨਾਬ ਇਸ਼ਤਿਹਾਕ ਅਹਿਮਦ ਵਲੋਂ ਸਾਹਿਤ ਅਤੇ ਸਿੱਖਿਆ ਦੇ ਖੇਤਰ ‘ਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਵੰਡ ਦਾ ਦਰਦ ਹੀ ਉਨ੍ਹਾਂ ਨੂੰ ਅਜਿਹੀਆਂ ਮਾਨਵਤਾਵਾਦੀ ਰਚਨਾਵਾਂ ਲਿਖਣ ਲਈ ਝੰਜੋੜਦਾ ਹੈ। ਉਨ੍ਹਾਂ ਕਿਹਾ ਕਿ ਇਸ਼ਤਿਆਕ ਅਹਿਮਦ ਨੇ ਅੱਜ ਵੰਡ ਸਬੰਧੀ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕੀਤਾ ਹੈ ਤੇ ਉਨ੍ਹਾਂ ਤੋਂ ਇਸ ਤਰ੍ਹਾਂ ਦੀਆਂ ਲਿਖਤਾਂ ਦੀ ਭਵਿੱਖ ‘ਚ ਵੀ ਆਸ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਜੁਆਇੰਟ ਸਕੱਤਰ ਮੇਹਰ ਮਲਿਕ, ਪ੍ਰੋ. ਕਮਲੇਸ਼ ਸਿੰਘ ਦੁੱਗਲ, ਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।