ਜਲੰਧਰ / ਪੱਤਰਪ੍ਰ
ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਵਿਖੇ ਵਿਸ਼ੇਸ਼ ਸਟੇਟ ਐਵਾਰਡੀ ਸਮਾਜ ਸੇਵਿਕਾ ਅਧਿਆਪਕਾ ਕਮਲਜੀਤ ਬੰਗਾ ਅਤੇ ਉਨ੍ਹਾਂ ਦੇ ਪਤੀ ਉੱਘੇ ਸਮਾਜ ਸੇਵਕ ਇੰਜੀ. ਨਰਿੰਦਰ ਬੰਗਾ ਦੀ ਪ੍ਰੇਰਨਾ ਸਦਕਾ ਪ੍ਰਵਾਸੀ ਪੰਜਾਬੀ, ਉਘੇ ਸਮਾਜ ਸੇਵਕ ਤੇ ਖੇਡ ਪ੍ਰਮੋਟਰ ਜੀਤ ਬਾਬਾ ਬੈਲਜੀਅਮ ਤੇ ਉਹਨਾਂ ਦੀ ਮੰਮੀ ਸ਼੍ਰੀਮਤੀ ਸ਼ਕੁੰਤਲਾ ਦੇਵੀ ਹੋਰਾਂ ਬਤੌਰ ਮੁੱਖ ਮਹਿਮਾਨ ਬੱਚਿਆਂ ਦੀ ਲੋੜ ਨੂੰ ਦੇਖਦਿਆਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪ੍ਰਿੰਸੀਪਲ ਖੁਸ਼ਦੀਪ ਕੌਰ ਦੀ ਅਗਵਾਈ ਵਿਚ ਸਕੂਲ ਨੂੰ 55 ਇੰਚੀ. 4 ਕੇ ਸਮਾਰਟ ਐਲ.ਈ.ਡੀ. ਗੂਗਲ ਟੀਵੀ ਦਾਨ ਕੀਤਾ l
ਸਮਾਗਮ ਚੋ ਬੋਲਦਿਆਂ ਉੱਘੇ ਸਮਾਜ ਸੇਵਕ ਇੰਜ. ਨਰਿੰਦਰ ਬੰਗਾ ਦੂਰਦਰਸ਼ਨ ਨੇ ਕਿਹਾ ਕਿ ਜੀਤ ਬਾਬਾ ਬੈਲਜੀਅਮ ਇਸ ਸਕੂਲ ਵਿਚ ਪਹਿਲਾਂ ਵੀ ਆਰ.ਓ.ਟੀ. ਰੂਮ ਲਈ 43 ਇੰਚੀ ਐਲ.ਈ.ਡੀ. ਪ੍ਰਦਾਨ ਕਰ ਚੁੱਕੇ ਹਨ l ਓਹ ਸਮੇਂ-ਸਮੇਂ ’ਤੇ ਸਕੂਲ ਨੂੰ ਫਰਨੀਚਰ ਤੇ ਹੋਰ ਸਮਾਨ ਮੁਹੱਈਆ ਕਰਵਾਉਂਦੇ ਰਹਿੰਦੇ ਹਨ।
ਉਹਨਾਂ ਅੱਗੇ ਦੱਸਿਆ ਕਿ ਜੀਤ ਬਾਬਾ ਬੈਲਜੀਅਮ ਪੰਜਾਬ ਅਤੇ ਬੈਲਜੀਅਮ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਹਨ। ਸਮਾਜ ਸੇਵਾ ਚੋ ਮੋਹਰੀ ਤੌਰ ਤੇ ਸੇਵਾ ਨਿਭਾਉਂਦੇ ਹੋਏ ਲੋੜਵੰਦਾਂ ਤੇ ਜਰੂਰਤਮੰਦਾਂ ਦੀ ਸੇਵਾ ਕਰਦੇ ਹੋਏ ਉਹ ਵੱਖ-ਵੱਖ ਸਕੂਲਾਂ ਵਿਚ ਲੋੜਵੰਦ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਬੂਟ, ਜੁਰਾਬਾਂ, ਵਰਦੀਆਂ ਅਤੇ ਹੋਰ ਲੋੜੀਂਦਾ ਸਮਾਨ ਵੰਡਦੇ ਰਹਿੰਦੇ ਹਨ। ਅਨਾਥ ਆਸ਼ਰਮਾਂ ਤੇ ਬਿਰਧ ਆਸ਼ਰਮਾਂ ਆਦਿ ਥਾਵਾਂ ਵਿਚ ਜਾ ਕੇ ਦਾਨ ਕਰਨਾ ਵੀ ਜੀਤ ਬਾਬਾ ਬੈਲਜੀਅਮ ਦੇ ਹਿੱਸੇ ਆਇਆ ਹੈ l
ਸਮਾਗਮ ਚੋ ਬੋਲਦਿਆਂ ਜੀਤ ਬਾਬਾ ਬੈਲਜੀਅਮ ਨੇ ਕਿਹਾ ਕਿ ਭਾਵੇਂ ਉਹ ਸਰੀਰਕ ਤੌਰ ’ਤੇ ਵਿਦੇਸ਼ ਵਿਚ ਹੁੰਦੇ ਹਨ ਪਰ ਉਨ੍ਹਾਂ ਦੀ ਰੂਹ ਹਮੇਸ਼ਾਂ ਆਪਣੇ ਪਿੰਡ, ਆਪਣੇ ਪੰਜਾਬ ਅਤੇ ਆਪਣੇ ਲੋਕਾਂ ਵਿਚ ਹੁੰਦੀ ਹੈ। ਉਨ੍ਹਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀ ਕਿਰਤ ਕਮਾਈ ਵਿਚੋਂ ਕੁੱਝ ਨਾ ਕੁੱਝ ਹਿੱਸਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਾਇਆ ਜਾਵੇ। ਉਨ੍ਹਾਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ। ਜੀਤ ਬਾਬਾ ਬੈਲਜੀਅਮ ਨੇ ਕਿਹਾ ਕਿ ਉਹ ਵਿਦੇਸ਼ ਵਿਚ ਰਹਿੰਦੇ ਹੋਏ ਆਪਣੇ ਤਾਇਆ ਉੱਘੇ ਸਮਾਜ ਸੇਵਕ ਇੰਜੀ. ਨਰਿੰਦਰ ਬੰਗਾ ਅਤੇ ਤਾਈ ਸਟੇਟ ਐਵਾਰਡੀ ਕਮਲਜੀਤ ਬੰਗਾ ਹੋਰਾਂ ਨਾਲ ਰਾਬਤਾ ਕਰਕੇ ਸਕੂਲਾਂ ਵਿਚ ਜ਼ਰੂਰਤ ਦਾ ਸਮਾਨ ਅਤੇ ਹੋਰ ਪਿੰਡਾਂ ਵਿਚ ਲੋੜਵੰਦਾਂ ਦੀ ਮਦਦ ਕਰਨ ਲਈ ਸਲਾਹ ਮਸ਼ਵਰਾ ਕਰਦੇ ਰਹਿੰਦੇ ਹਨ।
ਉਨ੍ਹਾਂ ਕਿਹਾ ਕਿ ਇੰਜੀ. ਨਰਿੰਦਰ ਬੰਗਾ ਜਿੱਥੇ ਉੱਘੇ ਸਮਾਜ ਸੇਵੀ ਹਨ ਉਥੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ, ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਦੇ ਰਹਿੰਦੇ ਹਨ। ਇੰਜੀ. ਬੰਗਾ ਦੀ ਅਗਵਾਈ ਵਿਚ ਵੱਖ-ਵੱਖ ਥਾਈਂ ਆਈ ਕੈਂਪ, ਮੈਡੀਕਲ ਕੈਂਪ ਅਤੇ ਬਲੱਡ ਕੈਂਪ ਲੱਗਦੇ ਰਹਿੰਦੇ ਹਨ ਤੇ ਪੰਜਾਬ ਵਿੱਚ ਸੱਭਿਆਚਾਰਕ ਮੇਲੇ ਕਰਵਾਉਂਣ ਵਿੱਚ ਇੰਜੀ. ਨਰਿੰਦਰ ਬੰਗਾ ਦਾ ਭਰਭੂਰ ਸਹਿਯੋਗ ਰਹਿੰਦਾ ਹੈ ।
ਇਸ ਮੌਕੇ ਸਕੂਲ ਪ੍ਰਿੰਸੀਪਲ ਖੁਸ਼ਦੀਪ ਕੌਰ ਨੇ ਜੀਤ ਬਾਬਾ ਬੈਲਜੀਅਮ ਤੇ ਹੋਰਨਾਂ ਨੂੰ ਜੀ ਆਇਆਂ ਆਖਦਿਆਂ ਸਕੂਲ ਦੀਆਂ ਉਪਲੱਬਧੀਆਂ ਵਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ l ਉਨ੍ਹਾਂ ਵਿਸ਼ੇਸ਼ ਸਟੇਟ ਐਵਾਰਡੀ ਅਧਿਆਪਕਾ ਕਮਲਜੀਤ ਬੰਗਾ ਅਤੇ ਇੰਜ. ਨਰਿੰਦਰ ਬੰਗਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਕੂਲ ਨੂੰ 55 ਇੰਚ ਐਲ.ਈ.ਡੀ. ਸਮਾਰਟ ਗੂਗਲ ਟੀ.ਵੀ. ਪ੍ਰਾਪਤ ਹੋਇਆ ।
ਉਨ੍ਹਾਂ ਦੱਸਿਆ ਕਿ ਮੈਡਮ ਕਮਲਜੀਤ ਬੰਗਾ ਹਮੇਸ਼ਾਂ ਹੀ ਸਕੂਲ ਦੇ ਕੰਮਾਂ ਲਈ ਤੱਤਪਰ ਰਹਿੰਦੇ ਹਨ ਤੇ ਸਕੂਲ ਦੇ ਸਾਰੇ ਕੰਮ ਖੁਸ਼ੀ ਖੁਸ਼ੀ ਕਰਦੇ ਹਨ। ਉਹ ਬੱਚਿਆਂ ਨੂੰ ਸਕਾਊਟ ਐਂਡ ਗਾਈਡ ਤੇ ਯੋਗਾ ਕਰਾਣ ਤੋਂ ਇਲਾਵਾ, ਲੋੜਵੰਦ ਬੱਚਿਆਂ ਦੀ ਹਰ ਤਰਾਂ ਮੱਦਦ ਆਪਣੇ ਵੱਲੋਂ ਕਰਦੇ ਰਹਿੰਦੇ ਹਨ, ਉਥੇ ਪ੍ਰਵਾਸੀ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨ ਲਈ ਪ੍ਰੇਰਦੇ ਰਹਿੰਦੇ ਹਨ।
ਸਮਾਗਮ ਨੂੰ ਚਾਰ ਚੰਨ ਲਾਉਣ ਲਈ ਮੈਡਮ ਸ਼ਰਨਦੀਪ ਕੌਰ, ਲੈਕਚਰਾਰ ਦੀਪਕ ਜੀ, ਲੈਕਚਰਾਰ ਯਸ਼ਪਾਲ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ l ਮੈਡਮ ਸਿਮਰਪਾਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ l ਕਮਲਜੀਤ ਬੰਗਾ ਨੇ ਸਮੂਹ ਸਕੂਲ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਜੀਤ ਬਾਬਾ ਬੈਲਜੀਅਮ, ਸੋਮ ਥਿੰਦ ਯੂ ਕੇ., ਨਰਿੰਦਰ ਬੰਗਾ, ਸ਼ਕੁੰਤਲਾ ਦੇਵੀ,ਬਲਿਹਾਰ ਰਾਮ, ਸੰਜਨਾਂ ਮਹਿਮੀ, ਸੁੰਨੀ ਹੀਰ ਅਤੇ ਹੋਰਨਾਂ ਦਾ ਧੰਨਵਾਦ ਕੀਤਾ।
*ਫੋਟੋ ਕੈਪਸ਼ਨ :- ਸਕੂਲ ਨੂੰ ਐਲ ਈ ਡੀ ਭੇਂਟ ਕਰਦੇ ਹੋਏ ਜੀਤ ਬਾਬਾ ਬੈਲਗੀਅਮ ਤੇ ਸ਼ਕੁੰਤਲਾ ਦੇਵੀ, ਉਹਨਾਂ ਨਾਲ ਪ੍ਰਿੰਸੀਪਲ ਖੁਸ਼ਦੀਪ ਕੌਰ, ਕਮਲਜੀਤ ਬੰਗਾ , ਇੰਜ. ਨਰਿੰਦਰ ਬੰਗਾ ਤੇ ਹੋਰ* l