*ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖਮੰਤਰੀ ਵਜੋਂ ਅਹੁਦੇ ਦੀ ਸੌਂਹ ਚੁੱਕੀ
* ਕਿਹਾ, ਦਿਲ ਵਿੱਚ ਵਸਦੇ ਨੇ ਭਗਤ ਸਿੰਘ, ਜਿਹੜੀ ਆਜ਼ਾਦੀ ਦਵਾਉਣ ਦਾ ਸੁਪਨਾ ਉਹਨਾਂ ਵੇਖਿਆ ਸੀ ਉਹ ਹਰ ਘਰ ਤਕ ਪਹੁੰਚਾਉਣੀ ਹੈ।
ਖ਼ਟਕੜ ਕਲਾਂ( ਸ਼ਹੀਦ ਭਗਤ ਸਿੰਘ ਨਗਰ)/ ਮੈਟਰੋ ਬਿਊਰੋ
ਸ਼ਹੀਦ -ਏ-ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਸੰਬਧਤ ਸਥਾਨਕ ਪਿੰਡ ਵਿਖੇ ਸ਼ਹੀਦ ਸਮਾਰਕ ਨੇੜੇ ਇੱਕ ਵਿਸ਼ਾਲ ਲੋਕ ਸਮਾਗਮ ਦੋਰਾਨ ਭਗਵੰਤ ਮਾਨ ਨੇ ਅੱਜ ਪੰਜਾਬ ਦੇ 17ਵੇਂ ਮੁਖਮੰਤਰੀ ਵਜੋ ਅਹੁਦੇ ਅਤੇ ਇਸ ਨਾਲ ਜੁੜੇ ਕੰਮਾਂ ਪ੍ਰਤੀ ਭੇਦ ਬਣਾ ਕੇ ਰੱਖਣ ਦੀ ਸੌਂਹ ਮਾਂ ਬੋਲੀ ਪੰਜਾਬੀ ਵਿੱਚ ਚੁੱਕੀ। ਉਹਨਾਂ, ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਲੋਂ ਅਦਾ ਕਾਰਵਾਈ ਗਈ ਸੋਂਹ ਚੁੱਕਣ ਦੀ ਰਸਮ ਇਨਕਲਾਬ ਜਿੰਦਾਬਾਦ ਦੇ ਨਾਅਰੇ ਨਾਲ ਪੂਰੀ ਕੀਤੀ।
ਸੂਬੇ ਦੀ 16ਵੀਂ ਵਿਧਾਨਸਭਾ ਵਿੱਚ 92 ਸੀਟਾਂ ਨਾਲ ਸਪਸ਼ਟ ਬਹੁਮੱਤ ਹਾਸਲ ਕਰਕੇ ਪੰਜਾਬ ਸਰਕਾਰ ਨੂੰ ਚਲਾਉਣ ਦੀ ਜਿੰਮੇਵਾਰੀ ਹਾਸਿਲ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨਸਭਾ ਤੋਂ ਵਿਧਾਇਕ ਚੁਣੇ ਗਏ ਹਨ।
ਬਸੰਤੀ ਰੰਗ ਦੀਆਂ ਪੱਗਾਂ ਅਤੇ ਦੁਪਟਿਆਂ ਨਾਲ ਰੰਗੇ ਸੋਂਹ ਚੁੱਕ ਸਮਾਗਮ ਵਿੱਚ ਘੰਟਿਆਂ ਬੱਧੀ ਨਵੇਂ ਮੁੱਖਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਇੰਤਜ਼ਾਰ ਕਰ ਰਹੀ ਸੂਬੇ ਭਰ ਤੋਂ ਭਰਵੀਂ ਗਿਣਤੀ ਵਿੱਚ ਜੁਟੀ ਜਨਤਾ ਦੇ ਪ੍ਰਤੀ ਪਿਆਰ ਪੁਗਾਉਂਦੇ ਭਗਵੰਤ ਮਾਨ ਨੇ ਸੋਂਹ ਚੁਕਣ ਤੋਂ ਤੁਰੰਤ ਬਾਅਦ ਕੋਈ ਲੰਬਾ ਚੋੜਾ ਭਾਸ਼ਣ ਦੇਣ ਦੀ ਬਜਾਏ ਸਿਰਫ ਤਿੰਨ ਮਿੰਟਾਂ ਦੇ ਆਪਣੇ ਸੰਖੇਪ ਸੁਨੇਹੇ ਵਿੱਚ ਆਪਣੀ ਸਰਕਾਰ ਦਾ ਵਿਜਨ ਕੁਝ ਸ਼ਬਦਾਂ ਵਿੱਚ ਬਿਆਨ ਕੀਤਾ ਅਤੇ ਪੰਜਾਬ ਦੀ ਸੁੱਖ ਮੰਗਦਿਆਂ ਲੋਕਾਂ ਨੂੰ ਕਿਹਾ ਕਿ ਉਹ ਸਬਰ ਸੁਰੱਖਿਆ ਨਾਲ ਘਰਾਂ ਨੂੰ ਪਰਤਣ ਕਿਉਂ ਕਿ ਪੰਜਾਬ ਨੂੰ ਉਹਨਾਂ ਸਾਰੀਆਂ ਦੀ ਲੋੜ ਹੈ।
ਮਾਣ ਨੇ ਮੁਲਕ ਦੀ ਲੋਕਤੰਤਰੀ ਸੰਵਿਧਾਨਕ ਸੰਸਥਾ ਦਾ ਮਾਣ ਸਮਝਾਉਂਦਿਆਂ ਆਪਣੇ ਵਿਧਾਨਕਾਰ ਸਾਥੀਆਂ ਨੂੰ ਅਗਾਂਹ ਕੀਤਾ ਕਿ ਉਹਨਾਂ ਕਿਸੇ ਕਿਸਮ ਦਾ ਵੀ ਹੰਕਾਰ ਨਹੀ ਕਰਣਾ ਸਗੋਂ ਸੇਵਾ ਕਰਨੀ ਹੈ।ਕਿਉ ਕਿ ਸਰਕਾਰ ਸਮੁੱਚੇ ਪੰਜਾਬ ਦੀ ਹੈ। ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਹਾ ਦਾ ਹੌਕਾ ਦੇਣਾ ਸਭ ਦਾ ਹੱਕ ਹੈ ਇਸ ਲਈ ਸਾਰੇ ਸਾਥੀ ਸੋਸ਼ਲ ਮੀਡੀਆ ਜਾਂ ਹੋਰ ਕਿਸੇ ਤਰ੍ਹਾਂ ਨਾਲ ਨਾ ਉਲਝਣ। ਨਵੇਂ ਮੁਖਮੰਤਰੀ ਨੇ ਕਿਹਾ ਕਿ ਸਾਨੂੰ ਲੋਕਾਂ ਨੇ ਚੁਣਿਆ ਹੈ ਅਤੇ ਅਸੀਂ ਲੋਕਾਂ ਵਾਂਗੂੰ ਹੀ ਬਣ ਕੇ ਰਹਿਣਾ ਹੈ ਅਤੇ ਸੇਵਾ ਕਰਨੀ ਹੈ। ਸੰਖੇਪ ਸੁਨੇਹੇ ਵਿੱਚ ਮਾਨ ਨੇ ਸ਼ਹੀਦ -ਏ- ਆਜ਼ਮ ਭਗਤ ਸਿੰਘ ਦਾ ਕਈ ਵਾਰੀ ਨਾਂ ਲਿਆ ਅਤੇ ਕਿਹਾ ਕਿ ਉਹਨਾਂ ਦੀ ਸਰਕਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸੱਚ ਕਰੇਗੀ।
ਸਮਾਗਮ ਵਿੱਚ ਭਗਵੰਤ ਮਾਨ ਦੇ ਕਲਾ ਖੇਤਰ ਦੇ ਸਾਥੀ ਰਹੇ ਕਈ ਉੱਘੇ ਕਲਾਕਾਰ ਵੀ ਸ਼ਾਮਿਲ ਰਹੇ। ਦਿੱਲੀ ਦੇ ਮੁਖਮੰਤਰੀ ਅਤੇ ਆਪ ਦੇ ਮੁਖਿਆ ਅਰਵਿੰਦ ਕੇਜਰੀਵਾਲ ਵੀ ਪੀਲੀਆਂ ਪੱਗਾਂ ਬੰਨ੍ਹੇ ਆਪਣੇ ਮੰਤਰੀ ਮੰਡਲ ਸਾਥੀਆਂ ਸਮੇਤ ਅਲਗ ਮੰਚ ‘ਤੇ ਬੈਠੇ ਸਨ ਅਤੇ ਤੀਜੀ ਸਟੇਜ ‘ਤੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਸਨ।
ਸਮਾਗਮ ਵਿੱਚ ਇਨਕਲਾਬ ਜਿੰਦਾਬਾਦ , ਬੋਲੇ ਸੋ ਨਿਹਾਲ ਅਤੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਲਗਦੇ ਰਹੇ।